ਪੱਤਰ ਪ੍ਰੇਰਕ
ਝੁਨੀਰ, 17 ਸਤੰਬਰ
ਖੇਤਰ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿੱਚ ਪਹਿਲਾਂ ਖੁਸ਼ਕੀ ਕਾਰਨ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਹੁਣ ਕਈ ਦਿਨਾਂ ਤੋਂ ਮੀਂਹ ਵਾਲਾ ਮਾਹੌਲ ਰਹਿਣ ਕਾਰਨ ਨਰਮੇ ਦੀ ਫਸਲ ’ਤੇ ਸਿੱਲ੍ਹ ਦਾ ਪ੍ਰਭਾਵ ਵਧਣ ਕਾਰਨ ਟੀਂਡੇ ਵਿੱਚ ਰੂੰ ਦਾ ਵਾਧਾ ਰੁਕ ਗਿਆ ਹੈ। ਕਿਸਾਨ ਹਰਦੇਵ ਸਿੰਘ ਕੋਟਧਰਮੂ ਮਲੂਕ ਸਿੰਘ, ਜਗਸੀਰ ਸਿੰਘ, ਗੁਰਜੰਟ ਸਿੰਘ ਝੁਨੀਰ ਅਤੇ ਤਰਸੇਮ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਜਿੱਥੇ ਨਰਮੇ ਦਾ ਟੀਂਡਾ ਸੁੰਗੜਨ ਅਤੇ ਨਾ ਫੁੱਲਣ ਕਾਰਨ ਨਰਮੇ ਦਾ ਝਾੜ ਘਟੇਗਾ, ਉੱਥੇ ਨਰਮੇ ਦੇ ਰੂੰ ਦੀ ਕੁਆਲਿਟੀ ਘਟੀਆ ਰਹਿਣ ਕਾਰਨ ਭਾਅ ਵੀ ਕਿਸਾਨਾਂ ਨੂੰ ਕਾਫੀ ਘੱਟ ਮਿਲੇਗਾ। ਕਿਸਾਨ ਹਰਦੇਵ ਸਿੰਘ ਕੋਟਧਰਮੂ ਤੇ ਹੋਰਨਾਂ ਨੇ ਦੱਸਿਆ ਕਿ ਅੱਜ ਖੇਤੀਬਾੜੀ ਵਿਭਾਗ ਕਿਸਾਨਾਂ ਲਈ ਮਹਿੰਗਾ ਚਿੱਟਾ ਹਾਥੀ ਹੀ ਬਣ ਚੁੱਕਾ ਹੈ। ਕਿਉਂਕਿ ਕਿਸਾਨਾਂ ਨੂੰ ਇਹ ਸਹੀ ਸੇਧ ਦੇਣ ਵਿੱਚ ਕਾਫ਼ੀ ਪੱਛੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਿਭਾਗ ਜਿੱਥੇ ਕਿਸਾਨਾਂ ਨੂੰ ਜਾਗਰੂਕ ਲਈ ਸਿਖਲਾਈ ਕੈਂਪ ਬਹੁਤ ਹੀ ਘੱਟ ਲਗਾ ਰਿਹਾ ਹੈ, ਉੱਥੇ ਪ੍ਰਾਈਵੇਟ ਬੀਜ ਅਤੇ ਕੀਟਨਾਸ਼ਕ ਕੰਪਨੀਆਂ ਦੇ ਅਮਲੇ ਕਿਸਾਨਾਂ ਨੂੰ ਆਪਣੇ ਨਿੱਜੀ ਲਾਭ ਲਈ ਜਾਗਰੂਕ ਕਰਨ ਲਈ ਪਿੰਡ-ਪਿੰਡ ਕੈਂਪ ਲਗਾ ਰਹੇ ਹਨ।