ਪੱਤਰ ਪ੍ਰੇਰਕ
ਮਾਨਸਾ, 9 ਅਗਸਤ
ਮਾਨਸਾ ਖੇਤਰ ਵਿੱਚ ਅੱਜ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਨੂੰ ਵਾਹਿਆ ਗਿਆ। ਮਾਲਵਾ ਇਲਾਕੇ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਹਮਲਾ ਨਿਰੰਤਰ ਜਾਰੀ ਹੈ ਅਤੇ ਇਸ ਆਫ਼ਤ ਕਾਰਨ ਹਰ ਰੋਜ਼ ਕਿਸਾਨ ਆਪਣੀ ਨਰਮੇ ਦੀ ਫ਼ਸਲ ਨੂੰ ਵਾਹ ਰਹੇ ਹਨ। ਅੱਜ ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ, ਭੈਣੀਬਾਘਾ, ਖੋਖਰ ਖੁਰਦ ਅਤੇ ਪਿੰਡ ਖਿਆਲਾ ਕਲਾਂ ਵਿੱਚ ਨਰਮੇ ਦੀ ਫ਼ਸਲ ਨੂੰ ਵਾਹਿਆ ਗਿਆ। ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਚਿੱਟੀ ਮੱਖੀ-ਗੁਲਾਬੀ ਸੁੰਡੀ ਨੇ ਖ਼ਰਾਬ ਹੋਏ ਨਰਮੇ ਦੇ ਚਾਰ ਏਕੜ ਖੜ੍ਹੀ ਫ਼ਸਲ ਵਾਹ ਦਿੱਤੀ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਸ ਨੇ ਇਸ ਵਾਰ ਪਿੰਡ ਕੋਟਲੀ ਕਲਾਂ ਵਿੱਚ 16 ਏਕੜ ਜ਼ਮੀਨ ਠੇਕੇ ’ਤੇ ਲਈ ਸੀ ਜਿਸ ਵਿਚ ਚਾਰ ਏਕੜ ਜ਼ਮੀਨ ’ਚ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਸੀ। ਨਰਮੇ ਦੀ ਫ਼ਸਲ ਉਗਣ ਵੇਲੇ ਤੋਂ ਹੀ ਚਿੱਟੀ ਮੱਖੀ-ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਚਾਰ ਸਪਰੇਆਂ ਕੀਤੀਆਂ ਅਤੇ ਚਾਰ ਵਾਰ ਨਰਮੇ ’ਚ ਸੀਲਰ ਫ਼ੇਰੇ ਗਏ ਸਨ ਅਤੇ ਗੋਡੀ ਕੀਤੀ ਗਈ। ਇਸ ਦੇ ਬਾਵਜੂਦ ਚਿੱਟੀ ਮੱਖੀ ਨੇ ਨਰਮੇ ਦੀ ਫ਼ਸਲ ਦਾ ਖਹਿੜਾ ਨਹੀਂ ਛੱਡਿਆ। ਕਿਸਾਨ ਆਗੂ ਨੇ ਦੱਸਿਆ ਕਿ ਜੋ ਨਰਮਾ ਵਾਹਿਆ ਗਿਆ ਹੈ, ਉਸ ਵਿੱਚ ਨਾ ਝੋਨੇ ਦੀ ਫ਼ਸਲ ਬੀਜੀ ਜਾਣੀ ਹੈ ਨਾ ਕੁਝ ਹੋਰ ਲਗਾ ਸਕਦਾ ਹੈ।
ਨਹਿਰੀ ਪਾਣੀ ਚਾਲੂ ਕਰਵਾਉਣ ਲਈ ਕਿਸਾਨਾਂ ਵੱਲੋਂ ਧਰਨਾ
ਮਾਨਸਾ ਨੇੜਲੇ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਖੇਤਾਂ ਦਾ ਬੰਦ ਪਿਆ ਨਹਿਰੀ ਪਾਣੀ ਚਾਲੂ ਕੀਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਖੋਖਰ ਕਲਾਂ ਅਤੇ ਖੋਖਰ ਖੁਰਦ ਦਾ ਸਾਂਝਾ ਮੋਘਾ ਲੱਗਿਆ ਹੋਇਆ ਸੀ, ਜੋ ਕਿ ਨਹਿਰੀ ਮਹਿਕਮੇ ਵੱਲੋਂ ਦੋਵਾਂ ਪਿੰਡਾਂ ਦੇ ਮੋਘੇ ਅਲੱਗ-ਅਲੱਗ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ-ਦਿੱਲੀ ਰੇਲਵੇ ਲਾਈਨ ਹੇਠ, ਜੋ ਨਹਿਰੀ ਪਾਣੀ ਲੰਘਣ ਲਈ ਪੁਲੀ ਬਣੀ ਹੋਈ ਸੀ, ਉਹ ਪੁਲੀ ਖੋਖਰ ਕਲਾਂ ਪਿੰਡ ਦੇ ਕਿਸਾਨਾਂ ਹਿੱਸੇ ਆ ਗਈ ਹੈ ਅਤੇ ਖੋਖਰ ਖੁਰਦ ਦੇ ਕਿਸਾਨਾਂ ਦੀ 976 ਏਕੜ ਜ਼ਮੀਨ ਪੁਲੀ ਨਾ ਹੋਣ ਕਰਕੇ ਪਿਛਲੇ ਛੇ ਸਾਲਾਂ ਤੋਂ ਮਾਰੂ ਬਣੀ ਪਈ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਰੇਲਵੇ ਟਰੈਕ ਹੇਠ ਪੁਲੀ ਬਣਾਉਣ ਲਈ ਮਨਜੂਰੀ ਤਾਂ ਦੇ ਦਿੱਤੀ ਗਈ ਹੈ ਪਰ ਉਸ ਬਦਲੇ ਐਸਟੀਮੇਟ ਦੀ ਰਕਮ ਸਵਾ ਕਰੋੜ ਦੇ ਕਰੀਬ ਬਣਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਇੰਨੇ ਜ਼ਿਆਦਾ ਪੈਸੇ ਨਹੀਂ ਭਰ ਸਕਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਰਾਸ਼ੀ ਸਰਕਾਰ ਆਪਣੇ ਕੋਲੋਂ ਭਰੇ ਅਤੇ ਪੁਲੀ ਬਣਾ ਕੇ ਖੇਤਾਂ ਦਾ ਨਹਿਰੀਪਾਣੀ ਚਾਲੂ ਕੀਤਾ ਜਾਵੇ।ਇਸ ਮੌਕੇ ਜਗਰਾਜ ਸਿੰਘ, ਭਾਨ ਸਿੰਘ ਬਰਨਾਲਾ, ਗੁਰਮੇਲ ਸਿੰਘ, ਜਗਸੀਰ ਸਿੰਘ, ਹਰਚਰਨ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ, ਰਘਵੀਰ ਸਿੰਘ, ਬੁੱਕਣ ਸਿੰਘ ਨੇ ਵੀ ਸੰਬੋਧਨ ਕੀਤਾ।