ਪੁਨੀਤ ਮੈਨਨ
ਧਨੌਲਾ, 30 ਨਵੰਬਰ
ਇੱਥੋਂ ਦੀ ਬੰਗੇਹਰ ਪੱਤੀ ਦੇ ਵਸਨੀਕ ਮਲਕੀਤ ਸਿੰਘ ਦੇ ਪੁੱਤਰ ਦੀ ਮਦਦ ਲਈ ਸਮਾਜ ਸੇਵੀ ਅੱਗੇ ਆਏ ਹਨ। ਜ਼ਿਕਰਯੋਗ ਹੈ ਕਿ ਮਲਕੀਤ ਸਿੰਘ ਦਾ ਪੁੱਤਰ ਦੀਵਾਲੀ ਮੌਕੇ ਪਟਾਕਿਆਂ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਿਆ ਸੀ, ਜਿਸ ਦਾ ਇਲਾਜ ਕਰਵਾਉਣ ਲਈ ਅਸਮਰਥ ਪਰਿਵਾਰ ਦੇ ਹਾਲਾਤਾਂ ਸਬੰਧੀ ਖਬਰ ਪੰਜਾਬੀ ਟ੍ਰਬਿਿਉਨ ਅਖਬਾਰ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਉਪਰੰਤ ਕਈ ਸਮਾਜ ਸੇਵੀ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਸੀਐੱਮਓ ਜਸਬੀਰ ਔਲਖ ਨੇ ਦੱਸਿਆ ਕਿ ਖ਼ਬਰ ਪੜ੍ਹਨ ਉਪਰੰਤ ਐੱਸਐੱਮਓ ਧਨੌਲਾ ਦੀ ਡਿਊਟੀ ਬੱਚੇ ਦੀ ਦੇਖ-ਰੇਖ ਅਤੇ ਸੰਭਵ ਮਦਦ ਲਈ ਲਗਾਈ ਗਈ ਹੈ। ਇਸ ਸਬੰਧੀ ਭਦੌੜ ਵਾਸੀ ਸੁੱਖੀ ਨੈਣੇਵਾਲ ਵੱਲੋਂ ਪਰਿਵਾਰ ਦੀ ਸਹਾਇਤਾ ਲਈ 30,500 ਰੁਪਏ ਰਾਸ਼ੀ ਇਕੱਠੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਕਾਲ ਕੀ ਸੇਵਾ ਗਰੁੱਪ ਹਾਂਗਕਾਂਗ, ਹਾਕਮ ਸਿੰਘ ਔਲਖ ਅਤੇ ਮਨਪ੍ਰੀਤ ਸਿੰਘ ਦੀ ਵੱਲੋਂ ਪਰਿਵਾਰ ਦੇ ਸਹਿਯੋਗ ਲਈ ਰਾਸ਼ੀ ਭੇਜੀ ਜਾਵੇਗੀ, ਇਸ ਤੋਂ ਇਲਾਵਾ ਧਨੌਲਾ ਵਾਸੀ ਗੁਰਪ੍ਰੀਤ ਅਤੇ ਹੋਰ ਵਿਅਕਤੀਆਂ ਵੱਲੋਂ ਵੀ ਰਾਸ਼ੀ ਇਕੱਠੀ ਕਰਕੇ ਦਿੱਤੀ ਗਈ ਹੈ। ਆਂਗਣਵਾੜੀ ਵਰਕਰ ਸੁਖਬੀਰ ਕੌਰ ਨੇ ਲੋਕਾਂ ਨੂੰ ਹੋਰ ਮਦਦ ਲਈ ਅੱਗੇ ਆਉਣ ਲਈ ਕਿਹਾ।