ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 26 ਅਕਤੂਬਰ
ਫਾਜ਼ਿਲਕਾ ਦੇ ਸਮਾਜ ਸੇਵੀ ਪਰਾਲੀ ਦੀਆਂ ਗੰਢਾਂ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਸਰਕਾਰੀ ਹਰਾ-ਚਾਰਾ ਪਾਉਣ ਵਾਲੀ ਥਾਂ (ਕੈਟਲ ਪੌਂਡ) ਵਿੱਚ ਗਊਆਂ ਲਈ ਦਾਨ ਕਰ ਰਹੇ ਹਨ। ਕੈਟਲ ਪੌਂਡ ਸਲੇਮਸਾਹ ਇੰਚਾਰਜ (ਕੇਅਰ ਟੇਕਰ) ਸੋਨੂੰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੁਖਪਾਲ ਸਿੰਘ ਦੀ ਅਗਵਾਈ ਹੇਠ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪਰਾਲੀ ਅੱਗ ਲਾਉਣ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਸਮਾਜ ਸੇਵੀ ਡਾ. ਰਮੇਸ਼ ਕੁਮਾਰ ਮਿਗਲਾਨੀ ਵੱਲੋਂ 150 ਕੁਇੰਟਲ ਦੇ ਕਰੀਬ ਪਰਾਲੀ ਦੀਆਂ ਗੰਢਾਂ ਬਣਾ ਕੇ ਕੈਟਲ ਪੌਂਡ ਨੂੰ ਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਡਾ: ਰਮੇਸ਼ ਮਿਗਲਾਨੀ ਹਰੇਕ ਸਾਲ ਪਰਾਲੀ ਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਕੈਟਲ ਪੌਂਡ ਦੇ ਮੈਂਬਰ ਦਿਨੇਸ਼ ਕੁਮਾਰ ਮੋਦੀ ਵੱਲੋਂ ਕਿਸਾਨਾਂ ਤੇ ਹੋਰਨਾਂ ਸਮਾਜ ਸੇਵੀਆਂ ਨੂੰ ਕੈਟਲ ਪੌਂਡ ਵਿੱਚ ਪਰਾਲੀ ਦਾਨ ਕਰਕੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।