ਗੁਰਜੰਟ ਕਲਸੀ
ਸਮਾਲਸਰ, 25 ਫਰਵਰੀ
ਪਿੰਡ ਮਾੜੀ ਮੁਸਤਫਾ ਦੀ ਕਰਮਜੀਤ ਕੌਰ ਦੇ ਪੇਕਿਆਂ ਵੱਲੋਂ ਆਪਣੀ ਧੀ ਦੇ ਸਹੁਰੇ ਪਰਿਵਾਰ ’ਤੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ਲਗਾਏ ਹਨ। ਸਮਾਲਸਰ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ। ਮਾੜੀ ਮੁਸਤਫਾ ਵਾਸੀ ਸਰਦੂਲ ਸਿੰਘ ਵੱਲੋਂ ਸਮਾਲਸਰ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ ਉਸ ਦੀ ਧੀ ਕਰਮਵੀਰ ਕੌਰ (30) ਦੀ ਸ਼ਾਦੀ ਕਰੀਬ ਡੇਢ ਸਾਲ ਪਹਿਲਾਂ ਡੇਮਰੂ ਖੁਰਦ ਵਾਸੀ ਜਗਦੀਪ ਸਿੰਘ ਨਾਲ ਹੋਈ ਸੀ। ਕਰਮਵੀਰ ਕੌਰ ਦੇ ਪਤੀ ਜਗਦੀਪ ਸਿੰਘ ਨੇ ਕਿਸੇ ਜ਼ਮੀਨ ਦਾ ਹਿੱਸਾ ਕਰਮਵੀਰ ਕੌਰ ਦੇ ਨਾਮ ਕਰਵਾ ਦਿੱਤਾ ਸੀ।
ਇਸ ਤੋਂ ਖ਼ਫਾ ਹੋ ਕੇ ਪਰਿਵਾਰਕ ਮੈਂਬਰ ਸੁਖਵੰਤ ਕੌਰ, ਜਗਸੀਰ ਸਿੰਘ, ਸ਼ੁਮਿੰਦਰਪਾਲ ਕੌਰ ਰੀਤੂ , ਗੁਰਪ੍ਰੀਤ ਸਿੰਘ, ਨਵਦੀਪ ਕੌਰ ਨੀਤੂ , ਆਗਿਆਕਾਰ ਸਿੰਘ ਉਨ੍ਹਾਂ ਦੀ ਧੀ ਨਾਲ ਝਗੜਾ ਕਰਦੇ ਸਨ। ਕਰਮਵੀਰ ਕੌਰ ਇਸ ਜ਼ਮੀਨੀ ਵਿਵਾਦ ਤੋਂ ਪ੍ਰੇਸ਼ਾਨ ਸੀ। ਬੀਤੀ ਸਵੇਰ ਕਰਮਵੀਰ ਕੌਰ ਨੂੰ ਕਥਿਤ ਤੌਰ ’ਤੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਆਪਣੇ ਪਿਛੇ ਸਾਲ ਦੀ ਬੇਟੀ ਕਿਸਮਤ ਕੌਰ ਨੂੰ ਛੱਡ ਗਈ ਹੈ। ਥਾਣਾ ਸਮਾਲਸਰ ਦੇ ਡਿਊਟੀ ਅਫਸਰ ਨੇ ਦੱਸਿਆ ਕਿ ਪੁਲੀਸ ਨੇ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਫ਼ਰਾਰ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਥਾਣੇ ਅੱਗੇ ਧਰਨਾ ਵੀ ਲਾਇਆ।