ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਜੁਲਾਈ
ਜ਼ਿਲ੍ਹੇ ਦੇ ਕਸਬਾ ਸਮਾਲਸਰ ਨਿਵਾਸੀ ਤੇ ਕਿੱਤੇ ਵਜੋਂ ਅਧਿਆਪਕ ਚਾਚਾ-ਭਤੀਜਾ ਲੱਕੜ ਦੀਆਂ ਮੂਰਤੀਆਂ ਰਾਹੀਂ ਪੁਰਾਤਨ ਵਿਰਸੇ ਨੂੰ ਸਾਂਭ ਰਹੇ ਹਨ। ਉਨ੍ਹਾਂ ਵੱਲੋਂ ਬਣਾਈਆਂ ਲੱਕੜੀ ਦੀਆਂ ਮੂਰਤੀਆਂ ਤੇ ਹੋਰ ਕਲਾ-ਕ੍ਰਿਤਾਂ ਪੁਰਾਤਨ ਇਤਿਹਾਸ ਦਾ ਹੂਬਹੂ ਵਰਣਨ ਕਰਦੀਆਂ ਹਨ। ਉਹ ਆਪਣੀਆਂ ਕਲਾ-ਕ੍ਰਿਤਾਂ ਰਾਹੀਂ ਲੋਪ ਹੋ ਰਹੇ ਇਤਿਹਾਸ ਤੇ ਵਿਰਸਾ ਤੇ ਭੁੱਲ ਚੁੱਕੇ ਨਾਇਕਾਂ ਅਤੇ ਯੋਧਿਆਂ ਨੂੰ ਚੇਤੇ ਕਰਵਾ ਰਹੇ ਹਨ।
ਕਸਬਾ ਸਮਾਲਸਰ ਵਾਸੀ ਬਲਵੰਤ ਸਿੰਘ ਤੇ ਉਸ ਦੇ ਭਤੀਜਾ ਜਤਿੰਦਰ ਸਿੰਘ ਵੱਲੋਂ ਤਿਆਰ ਕੀਤੀਆਂ ਲੱਕੜ ਦੀਆਂ ਮੂਰਤੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਮੂਰਤੀਕਾਰ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਮਰਹੂਮ ਭਰਾ ਹਰਬੰਸ ਸਿੰਘ ਨੂੰ ਬਚਪਨ ਤੋਂ ਹੀ ਖਿਡੌਣੇ ਆਦਿ ਬਣਾਉਣ ਦਾ ਸ਼ੌਕ ਸੀ। ਉਹ ਇਸ ਕੰਮ ਵਿੱਚ ਉਸ ਦੀ ਮਦਦ ਕਰਦਾ ਸੀ।
ਜ਼ਿਕਰਯੋਗ ਹੈ ਕਿ ਚਾਚੇ-ਭਤੀਜੇ ਦੀਆਂ ਤਿਆਰ ਕਲਾ-ਕ੍ਰਿਤਾਂ ਨਾਲ ਕਿਸੇ ਅਜਾਇਬ ਘਰ ਦਾ ਭੁਲੇਖਾ ਪੈਂਦਾ ਹੈ। ਉਨ੍ਹਾਂ ਵੱਲੋਂ ਕਲਾਕਾਰਾਂ ਗੁਰਦਾਸ ਮਾਨ, ਕੁਲਦੀਪ ਮਾਣਕ, ਸਿੱਧੂ ਮੂਸੇ ਵਾਲਾ ਦੀਆਂ ਵੀ ਮੂਰਤੀਆਂ ਬਣਾਈਆਂ ਗਈਆਂ ਹਨ। ਇੰਜ ਹੀ ਉਹ ਲੋਪ ਹੋ ਚੁੱਕੀ ਵਿਰਾਸਤ ਨੂੰ ਜ਼ਿੰਦਾ ਰੱਖਣ ਲਈ ਵੀ ਉਪਰਾਲਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਮੂਰਤੀ ਨੂੰ ਤਿਆਰ ਕਰਨ ਵਿੱਚ 1 ਤੋਂ 2 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ।