ਲਖਵਿੰਦਰ ਸਿੰਘ
ਮਲੋਟ, 14 ਅਕਤੂਬਰ
ਮਲੋਟ ਵਿੱਚ ਟਰੈਕਟਰ-ਟਰਾਲੀ ਯੂਨੀਅਨ ਦੇ ਸੈਂਕੜੇ ਮੈਂਬਰਾਂ ਨੇ ਸਰਕਾਰ ਦੇ ਮੰਡੀਆਂ ’ਚ ਕਮਰਸ਼ੀਅਲ ਵਾਹਨਾਂ ਰਾਹੀਂ ਹੀ ਢੋਆ-ਢੁਆਈ ਕੀਤੇ ਜਾਣ ਵਾਲੇ ਫੈਸਲੇ ’ਤੇ ਇਤਰਾਜ਼ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੇ ਮਲੋਟ ਦਾਣਾ ਮੰਡੀ ਵਿੱਚ ਚੱਲਦੀਆਂ ਸੈਕੜੇ ਟਰੈਕਟਰ-ਟਰਾਲੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚੁੱਲੇ ਠੰਢੇ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਦਾਇਤ ਕਿ ਸਿਰਫ਼ ਕਮਰਸ਼ੀਅਲ ਵਾਹਨ ਹੀ ਮੰਡੀਆਂ ’ਚੋਂ ਫਸਲ ਦੀ ਢੋਆ-ਢੁਆਈ ਕਰ ਸਕਦੇ ਹਨ ਅਤੇ ਜਿਹੜੇ ਟਰੈਕਟਰ ਆਨਲਾਈਨ ਰਜਿਸਟਰਡ ਹਨ , ਉਹ ਸਿਰਫ਼ 90 ਬੋਰੀਆਂ ਹੀ ਮੰਡੀ ’ਚੋਂ ਇੱਕ ਗੇੜੇ ’ਚ ਲਿਜਾ ਸਕਦੇ ਹਨ। ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਤੇ ਦੂਜੇ ਪਾਸੇ ਇੱਕੋ ਹੱਲੇ ’ਚ ਅਨੇਕਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਜ਼ਦੂਰ ਮਾਰੂ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਉਹ ਮੰਡੀ ਵਿੱਚ ਹੜਤਾਲ ’ਤੇ ਬੈਠਣਗੇ।