ਸੀ. ਮਾਰਕੰਡਾ
ਤਪਾ ਮੰਡੀ, 12 ਅਕਤੂਬਰ
ਪਿੰਡ ਢਿੱਲਵਾਂ ਸਥਿਤ ਫੈਕਟਰੀ ਵੱਲੋਂ ਘਣੀਆ ਦੇ ਕਿਸਾਨ ਨੂੰ ਚੌਲਾਂ ਦੀ ਸਫ਼ਾਈ ਵਾਲੀ ਮਸ਼ੀਨ ਵੇਚੀ ਸੀ, ਜੋ ਨੁਕਸਦਾਰ ਨਿਕਲੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਇਸ ਨੂੰ ਲੈ ਕੇ ਫੈਕਟਰੀ ਅੱਗੇ ਧਰਨਾ ਦੇ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਪੀੜਤ ਕਿਸਾਨ ਹਰਵਿੰਦਰ ਸਿੰਘ ਵਾਸੀ ਘਣੀਆ (ਫਰੀਦਕੋਟ) ਨੇ ਦੱਸਿਆ ਕਿ ਉਸ ਨੇ ਜਰਨੈਲ ਸਿੰਘ ਤੋਂ ਜਨਵਰੀ ਵਿੱਚ ਛੇ ਲੱਖ 10 ਹਜ਼ਾਰ ਰੁਪਏ ਦੀ ਮਸ਼ੀਨ ਖ਼ਰੀਦੀ ਸੀ। ਮਸ਼ੀਨ ਨਾ ਚੱਲਣ ਕਾਰਨ ਜਰਨੈਲ ਸਿੰਘ ਨੇ ਰਕਮ ਵਾਪਸ ਕਰਨ ਦੀ ਹਾਮੀ ਭਰੀ ਸੀ। ਭਾਕਿਯੂ ਸਿੱਧੂਪੁਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਨੇ ਕਿਹਾ ਕਿ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਅਤੇ ਕਥਿਤ ਇਤਰਾਜ਼ਯੋਗ ਸ਼ਬਦਾਵਲੀ ਵਰਤੀ। ਇਸ ਤੋਂ ਬਾਅਦ ਜਥੇਬੰਦੀ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫੈਕਟਰੀ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੀੜਤ ਕਿਸਾਨ ਦੇ ਪੈਸੇ ਵਾਪਸ ਨਾ ਕੀਤੇ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਧਰ, ਫੈਕਟਰੀ ਮਾਲਕ ਜਰਨੈਲ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਦਿੱਤਾ। ਉਨ੍ਹਾਂ ਕਿਹਾ ਕਿ ਮੌਕੇ ’ਤੇ ਮਸ਼ੀਨਰੀ ਦੀ ਰਿਪੇਅਰ ਕਰਵਾ ਦਿੱਤੀ ਸੀ।