ਪੁਰਸ਼ੋਤਮ ਬੱਲੀ
ਬਰਨਾਲਾ, 2 ਅਪਰੈਲ
ਸੰਯੁੁਕਤ ਕਿਸਾਨ ਸੰਘਰਸ਼ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ’ਚ ਲੱਗਿਆ ਧਰਨਾ 183ਵੇਂ ਦਿਨ ਵੀ ਜ਼ੋਸ਼ੋਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ 6 ਮਹੀਨਿਆਂ ਤੋਂ ਵੱਧ ਚੱਲ ਰਹੇ ਕਿਸਾਨ ਸੰਘਰਸ਼ ਨੂੰ ਅਣਡਿੱਠਾ ਕਰ ਕੇ ਉਸ ’ਤੇ ਕੋਈ ਅਸਰ ਨਹੀਂ ਦਾ ਪ੍ਰਭਾਵ ਦੇਣਾ ਚਾਹੁੰਦੀ ਹੈ। ਜਦਕਿ ਹਕੀਕਤ ’ਚ ਪੜਾਅਵਾਰ ਅੱਗੇ ਵਧ ਰਹੇ ਘੋਲ ਨੇ ਮੋਦੀ ਸਮੇਤ ਉਸਦੇ ਚਹੇਤੇ ਕਾਰਪੋਰੇਟ ਘਰਾਣਿਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਹ ਲੋਕ ਜੰਗ ਜਿੱਤ ਤੱਕ ਜਾਰੀ ਰਹੇਗੀ। ਆਗੂਆਂ ਕਣਕ ਦੀ ਖਰੀਦ ਲਈ ਮੜ੍ਹੀਆਂ ਸ਼ਰਤਾਂ ਖ਼ਿਲਾਫ਼ 5 ਅਪਰੈਲ ਨੂੰ ਐੱਫਸੀਆਈ ਦਫ਼ਤਰਾਂ ਦੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਮੁੁਕੰਮਲ ਘਿਰਾਓ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਰਨਾਲਾ, ਮਹਿਲਕਲਕਾਂ, ਭਦੌੜ ਅਤੇ ਤਪਾ ਵਿਖੇ ਐਫਸੀਆਈ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ। ਬੁੁਲਾਰਿਆਂ ਅਪਰੈਲ ਮਹੀਨੇ ਦੇ ਸੰਯੁੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੰਘਰਸ਼ ਸੱਦਿਆਂ (10 ਅਪਰੈਲ 24 ਘੰਟੇ ਲਈ ਕੇਐਮਪੀ ਬਾਰਡਰ ਜਾਮ, 13 ਅਪਰੈਲ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸਮਾਗਮ, 14 ਅਪਰੈਲ ਡਾ. ਬੀਆਰ ਅੰਬੇਡਕਰ ਦਾ ਪਰੀਨਿਵਾਰਨ ਦਿਵਸ) ਪੂਰੇ ਜੋਰ ਸ਼ੋਰ ਨਾਲ ਮੋਰਚਿਆਂ ’ਚ ਮਨਾਏ ਜਾਣ ਦੀ ਤਫ਼ਸੀਲ ਦਿੱਤੀ।
ਜ਼ੀਰਾ (ਹਰਮੇਸ਼ ਨੀਲੇਵਾਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਰਿਲਾਇੰਸ ਪੰਪ ਵਲੂਰ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਇਆ ਗਿਆ ਰੋਸ ਧਰਨਾ ਅੱਜ 185ਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਬਲਾਕ ਪ੍ਰਧਾਨ ਮਹਿੰਦਰ ਸਿੰਘ ਗਿੱਲ ਤੇ ਹਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਦੀ ਸਿੱਧੀ ਅਦਾਇਗੀ ਬੈਂਕਾਂ ਵਿੱਚ ਪਾਉਣ ਵਾਸਤੇ ਕਿਹਾ ਹੈ, ਉਸ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਕਿਉਂਕਿ ਕਿਸਾਨ ਅਤੇ ਆੜ੍ਹਤੀਏ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜੋ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਜੇਕਰ ਕੇਂਦਰ ਸਰਕਾਰ ਆੜ੍ਹਤੀਆ ਭਾਈਚਾਰੇ ਨੂੰ ਵਿੱਚੋਂ ਕੱਢਦੀ ਹੈ ਤਾਂ ਪੰਜਾਬ ਦੀਆਂ ਕੁਲ 4035 ਮੰਡੀਆਂ ਕੱਚੀਆਂ ਪੱਕੀਆਂ 2-4 ਸਾਲ ਵਿੱਚ ਹੀ ਖ਼ਤਮ ਹੋ ਜਾਣਗੀਆਂ, ਜਿਸ ਵਿੱਚ 35000 ਆੜ੍ਹਤੀਏ, 70,000 ਮੁਨੀਮ ਅਤੇ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਬੇਰੁਜ਼ਗਾਰ ਹੋਣਗੇ। ਯੂਨੀਅਨ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫ਼ਸਲ ਆੜ੍ਹਤੀਆਂ ਰਾਹੀਂ ਮੰਡੀ ਵਿੱਚ ਵੇਚਣ।
ਭੁੱਚੋ ਮੰਡੀ (ਪਵਨ ਗੋਇਲ): ਲਹਿਰਾ ਬੇਗਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਤਨਖਾਹ ਅਤੇ ਨੌਕਰੀ ਲਈ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਅੱਜ 75ਵੇਂ ਦਿਨ ਵੀ ਜਾਰੀ ਰਿਹਾ। ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਸੀ। ਇਸ ਮੌਕੇ ਆਗੂ ਗੁਰਨਿੰਦਰ ਸਿੰਘ, ਗੁਰਸ਼ਰਨ ਸਿੰਘ, ਚਰਨਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਥਾਰਟੀ ਦੇ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾਂ ਕੀਤੀਆਂ ਤਾਂ ਉਹ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਤਿੱਖਾ ਕਰਨਗੇ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈੱਸਟ ਪ੍ਰਾਈਜ਼ ਮਾਲ ਅੱਗੇ ਚੱਲ ਰਹੇ ਮੋਰਚੇ ਅੱਜ 184ਵੇਂ ਦਿਨ ਵੀ ਜਾਰੀ ਰਹੇ। ਇਸ ਮੌਕੇ ਜ਼ਿਲ੍ਹਾ ਆਗੂ ਸ਼ਿੰਗਾਰਾ ਸਿੰਘ ਮਾਨ, ਬਲਾਕ ਆਗੂ ਹੁਸ਼ਿਆਰ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਸੰਯੁਕਤ ਮੋਰਚੇ ਦੇ ਨਵੇਂ ਐਲਾਨ ਅਨੁਸਾਰ ਮਈ ਦੇ ਪਹਿਲੇ ਹਫਤੇ ਸੰਸਦ ਦੇ ਘਿਰਾਓ ਲਈ ਦਿੱਲੀ ਦੀਆਂ ਸਰਹੱਦਾਂ ਤੋਂ ਸੰਸਦ ਤੱਕ ਪੈਦਲ ਮਾਰਚ, 5 ਅਪਰੈਲ ਨੂੰ ਦੇਸ਼ ਭਰ ਵਿੱਚ ਐੱਫਸੀਆਈ ਦੇ ਦਫ਼ਤਰਾਂ ਦਾ ਘਿਰਾਓ, 10 ਅਪਰੈਲ ਨੂੰ 24 ਘੰਟਿਆਂ ਲਈ ਕੇਐਮਪੀ ਬੰਦ ਕੀਤਾ ਜਾਵੇਗਾ। ਸਰਹੱਦਾਂ ’ਤੇ 13 ਨੂੰ ਵਿਸਾਖੀ ਦਾ ਛਿਵੁਹਾਰ, 14 ਨੂੰ ਡਾ: ਅੰਬੇਦਕਰ ਦੇ ਜਨਮ ਦਿਨ ਮੌਕੇ ‘ ਸੰਵਿਧਾਨ ਬਚਾਓ ਦਿਵਸ ਅਤੇ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ।
ਮੋਗਾ (ਮੋਹਿੰਦਰ ਸਿੰਘ ਰੱਤੀਆਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਇਥੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅਡਾਨੀ ਅਨਾਜ ਭੰਡਾਰ ਅੱਗੇ 184ਵੇਂ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 159ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਭੜਕਾਉਣ ਦੇ ਰਾਹ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਜਿੱਥੇ ਪੰਜਾਬ ਦੀ ਕਿਸਾਨੀ ਤੇ ਸਮੁੱਚੇ ਅਰਥਚਾਰੇ ਨੂੰ ਤਬਾਹ ਕਰ ਦੇਣਗੇ, ਉੱਥੇ ਦੇਸ਼ ਦੀ ਅੰਨ ਸੁਰੱਖਿਆ ਵੀ ਖਤਰੇ ਵੀ ਪੈ ਜਾਵੇਗੀ। ਖੇਤੀ ਸੁਧਾਰਾਂ ਦੀ ਗੱਲ ਕਰਨ ਵਾਲੀ ਕੇਂਦਰ ਸਰਕਾਰ ਦੇ ਇਨ੍ਹਾਂ ਬਿੱਲਾਂ ਨਾਲ ਪੰਜਾਬ ਨੂੰ ਸਾਲਾਨਾ 4000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।