ਪੱਤਰ ਪ੍ਰੇਰਕ
ਗਿੱਦੜਬਾਹਾ, 19 ਜੁਲਾਈ
ਇਥੇ ਲੰਬੀ ਰੋਡ ’ਤੇ ਕਾਰਡ ਧਾਰਕਾਂ ਵੱਲੋਂ ਰਾਸ਼ਨ ਡਿਪੂ ਵਾਲਿਆਂ ਦੀਆਂ ਮਨਮਰਜ਼ੀਆਂ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਕਾਰਡ ਧਾਰਕਾਂ ਦੀ ਸੁਣਵਾਈ ਨਾ ਕੀਤੇ ਜਾਣ ਵਜੋਂ ਲੰਬੀ ਵਾਲ਼ੇ ਫਾਟਕਾਂ ਦੇ ਨਜ਼ਦੀਕ ਧਰਨਾ ਦਿੱਤਾ ਗਿਆ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਚੰਦਰ ਸ਼ੇਖਰ ਅਤੇ ਸੰਦੀਪ ਕੁਮਾਰ ਆਦਿ ਨੇ ਦੱਸਿਆ ਕਿ ਜਦ ਤੋਂ ਫੂਡ ਸਪਲਾਈ ਵਿਭਾਗ ਵੱਲੋਂ ਕਣਕ ਦੀ ਵੰਡ ਦਾ ਸਿਸਟਮ ਆਨਲਾਈਨ ਕੀਤਾ ਹੈ ਉਸ ਸਮੇਂ ਤੋਂ ਕਾਰਡ ਧਾਰਕਾਂ ਨੂੰ ਕਣਕ ਲੈਣ ਲਈ ਖੱਜਲ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਬੰਧਤ ਡਿਪੂ ਤੋਂ ਕਣਕ ਮਿਲ ਜਾਂਦੀ ਸੀ ਪਰ ਹੁਣ ਉਨ੍ਹਾਂ ਨੂੰ ਡਿਪੂਆਂ ’ਤੇ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਡ ਧਾਰਕਾਂ ਨੂੰ ਕਈ ਕਈ ਦਿਨ ਲਾਈਨਾਂ ਵਿੱਚ ਲੱਗ ਕੇ ਵੀ ਕਣਕ ਨਹੀਂ ਮਿਲਦੀ। ਉਨ੍ਹਾਂ ਮੰਗ ਕੀਤੀ ਕਿ ਆਨਲਾਈਨ ਸਿਸਟਮ ਬੰਦ ਕਰ ਕੇ ਪਹਿਲਾਂ ਵਾਂਗ ਹਰ ਵਾਰਡ ਨੂੰ ਸਬੰਧਤ ਡਿਪੂ ਤੋਂ ਕਣਕ ਦੇਣੀ ਯਕੀਨੀ ਬਣਾਈ ਜਾਵੇ। ਜਦ ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਸੰਜੀਵ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਨਲਾਈਨ ਸਿਸਟਮ ਪੰਜਾਬ ਸਰਕਾਰ ਦੀ ਪਾਲਿਸੀ ਹੈ ਅਤੇ ਇਸ ਨੂੰ ਬਦਲਣਾ ਜਾਂ ਜਾਰੀ ਰੱਖਣਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਡਿਪੂ ਹੋਲਡਰ ਕਣਕ ਹੋਣ ਦੇ ਬਾਵਜੂਦ ਕਾਰਡ ਧਾਰਕ ਨੂੰ ਕਣਕ ਨਹੀਂ ਦਿੰਦਾ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।