ਪੱਤਰ ਪ੍ਰੇਰਕ
ਮਹਿਲ ਕਲਾਂ, 22 ਅਕਤੂਬਰ
ਪਿੰਡ ਚੁਹਾਣਕੇ ਖੁਰਦ ਦੇ ਮਨਰੇਗਾ ਮਜ਼ਦੂਰਾਂ ਨੇ ਪਿਛਲੇ ਜੁਲਾਈ ਮਹੀਨੇ ਤੋਂ ਹੁਣ ਤੱਕ ਮਗਨਰੇਗਾ ਤਹਿਤ ਮਜ਼ਦੂਰਾਂ ਦੇ ਕੀਤੇ ਕੰਮ ਦੇ ਪੈਸੇ ਖਾਤਿਆਂ ਵਿੱਚ ਨਾ ਭੇਜੇ ਜਾਣ ਦੇ ਰੋਸ ਵਜੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਅੱਗੇ ਨਾਅਰੇਬਾਜ਼ੀ ਕਰਦਿਆਂ ਕੀਤੇ ਕੰਮ ਦੇ ਪੈਸੇ ਤੁਰੰਤ ਖਾਤਿਆਂ ਵਿੱਚ ਭੇਜਣ ਦੀ ਮੰਗ ਕੀਤੀ ਹੈ। ਨਾਅਰੇਬਾਜ਼ੀ ਕਰਦਿਆਂ ਮਗਨਰੇਗਾ ਮਜ਼ਦੂਰ ਆਗੂ ਭੋਲਾ ਸਿੰਘ, ਧਿਆਨ ਸਿੰਘ, ਕਰਮਜੀਤ ਕੌਰ, ਪਰਮਜੀਤ ਕੌਰ, ਸਵਰਨਜੀਤ ਕੌਰ ਆਦਿ ਨੇ ਕਿਹਾ ਕਿ ਪਿਛਲੇ ਜੁਲਾਈ ਮਹੀਨੇ ਤੋਂ ਹੁਣ ਤੱਕ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਤਹਿਤ ਕੀਤੇ ਹੋਏ ਕੰਮ ਦੇ ਪੈਸੇ ਨਹੀਂ ਭੇਜੇ ਗਏ ਜਿਸ ਕਾਰਨ ਦੀਵਾਲੀ ਦਾ ਤਿਉਹਾਰ ਫਿੱਕਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਰੋਜ਼ਾਨਾ ਦੇ ਮਿਹਨਤਾਨੇ ਨਾਲ ਘਰਾਂ ਦਾ ਗੁਜ਼ਾਰਾ ਕਰਦੇ ਹਨ ਪਰ ਪਿਛਲੇ ਚਾਰ ਮਹੀਨੇ ਤੋਂ ਕੰਮ ਦੇ ਪੈਸੇ ਜਾਰੀ ਨਾ ਹੋਣ ਕਰ ਕੇ ਮਜ਼ਦੂਰਾਂ ਨੂੰ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਉਨ੍ਹਾਂ ਦੇ ਖਾਤਿਆਂ ਵਿੱਚ ਮਿਹਨਤਾਨਾ ਨਾ ਪਾਇਆ ਤਾਂ ਉਹ ਸੰਘਰਸ਼ ਕਰਨਗੇ।