ਪੱਤਰ ਪ੍ਰੇਰਕ
ਮਹਿਲ ਕਲਾਂ, 14 ਜੁਲਾਈ
ਨੇੜਲੇ ਪਿੰਡ ਗੁਰਮ ਵਿੱਚ ਰਾਸ਼ਨ ਡਿੱਪੂ ਰਾਹੀਂ ਮਿਲਣ ਵਾਲੀ ਕਣਕ ਦਾ ਪੂਰਾ ਕੋਟਾ ਨਾ ਮਿਲਣ ਦੇ ਰੋਸ ਵਜ਼ੋਂ ਰਾਸ਼ਨ ਕਾਰਡ ਧਾਰਕਾਂ ਵੱਲੋਂ ਪੰਜਾਬ ਸਰਕਾਰ ਤੇ ਖੁਰਾਕ ਸਪਲਾਈ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸਰਪੰਚ ਮਹਿੰਦਰ ਸਿੰਘ, ਸਰਬਜੀਤ ਸਿੰਘ, ਹਰਨੇਕ ਸਿੰਘ ਗੁਰਮ, ਸੁਖਦੇਵ ਸਿੰਘ,ਜਗਦੇਵ ਸਿੰਘ, ਪਰਮਿੰਦਰ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਕਣਕ ਦਾ ਬਣਦਾ ਕੋਟਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਰਾਸ਼ਨ ਕਾਰਡ ਧਾਰਕਾਂ ਨੂੰ ਘਰ ਤੱਕ ਆਟਾ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਹਕੀਕਤ ਇਹ ਹੈ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਬਣਦੀ ਕਣਕ ਵੀ ਨਹੀਂ ਮਿਲ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਇਸ ਦੌਰ ਵਿੱਚ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਰਾਸ਼ਨ ਡਿੱਪੂਆਂ ਰਾਹੀਂ ਮਿਲਣ ਵਾਲੀ ਕਣਕ ਉਨ੍ਹਾਂ ਲਈ ਸਹਾਈ ਸਿੱਧ ਹੁੰਦੀ ਹੈ ਪਰ ਹੁਣ ਇਹ ਕਣਕ ਵੀ ਪੂਰੀ ਨਹੀਂ ਮਿਲ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਣਕ ਦਾ ਬਣਦਾ ਪੂਰਾ ਕੋਟਾ ਮੁਹੱਈਆ ਕੀਤਾ ਜਾਵੇ।
ਇਸ ਸਬੰਧੀ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਕਣਕ ਦਾ ਕੋਟਾ ਪਿੱਛੋਂ ਹੀ ਘੱਟ ਆਉਣ ਕਾਰਨ ਇਹ ਸਮੱਸਿਆ ਆਈ ਹੈ ਇਸ ਵਿੱਚ ਡਿੱਪੂ ਹੋਲਡਰ ਜਾਂ ਵਿਭਾਗ ਦਾ ਕੋਈ ਰੋਲ ਨਹੀਂ ਹੈ।