ਪੱਤਰ ਪ੍ਰੇਰਕ
ਸੰਗਤ ਮੰਡੀ, 13 ਅਕਤੂਬਰ
ਬਠਿੰਡਾ-ਡੱਬਵਾਲੀ ਤੇ ਮਛਾਣਾ ਨੇੜੇ ਸਥਿੱਤ ਓਮ ਸੰਨਜ ਸ਼ਰਾਬ ਫੈਕਟਰੀ ਦੀ ਸੁਆਹ ਤੋਂ ਦੁਖੀ ਪਿੰਡ ਸੰਗਤ ਕਲਾਂ ਦੇ ਕਿਸਾਨਾਂ ਵੱਲੋਂ ਫੈਕਟਰੀ ਪ੍ਰਬੰਧਕਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪਿੰਡ ਸੰਗਤ ਕਲਾਂ ਵਾਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕਾਈ ਪ੍ਰਧਾਨ ਜਗਦੇਵ ਸਿੰਘ ਅਤੇ ਕਿਸਾਨ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੇੜੇ ਪੈਂਦੀ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ’ਚੋਂ ਨਿਕਲਦੇ ਧੂੰਏਂ ਦੀ ਸੁਆਹ ਸੋਲਰ ਮੋਟਰਾਂ ਦੀਆਂ ਪਲੇਟਾਂ ’ਤੇ ਜੰਮ ਜਾਂਦੀ ਹੈ, ਜਿਸ ਕਾਰਨ ਲੋੜੀਂਦੀ ਸੂਰਜੀ ਊਰਜਾ ਮਿਲਣ ’ਚ ਰੁਕਾਵਟਾਂ ਕਾਰਨ ਖੇਤੀ ਮੋਟਰਾਂ ਸੜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਸੁਆਹ ਫ਼ਸਲਾਂ ’ਤੇ ਡਿੱਗਣ ਨਾਲ ਫ਼ਸਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਫੈਕਟਰੀ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਤਿੰਨ ਦਿਨਾਂ ਦੇ ਅੰਦਰ-ਅੰਦਰ ਸਲੇ ਦਾ ਹੱਲ ਨਾ ਕੀਤਾ ਤਾਂ ਉਹ ਫੈਕਟਰੀ ਮੂਹਰੇ ਪੱਕਾ ਧਰਨਾ ਲਾਉਣਗੇ।
ਇਸ ਸਬੰਧੀ ਸ਼ਰਾਬ ਫੈਕਟਰੀ ਦੇ ਯੂਨਿਟ ਹੈੱਡ ਬਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਨਵਾਂ ਪਲਾਂਟ ਚਾਲੂ ਕੀਤਾ ਹੈ, ਜਿਸ ਵਿੱਚ ਨਵਾਂ ਪੀ.ਐੱਸ.ਪੀ. ਸਿਸਟਮ ਲਗਾਏ ਜਾਣ ਤੋਂ ਬਾਅਦ ਸੁਆਹ ਉੱਡਣੀ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਹੁੰਦੇ ਨੁਕਸਾਨ ਬਾਰੇ ਫੈਕਟਰੀ ਦੇ ਤਕਨੀਕੀ ਹੈੱਡ ਆਰਡੀ ਅਗਰਵਾਲ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।