ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 31 ਜੁਲਾਈ
ਮੁੱਖ ਅੰਸ਼
- ਜ਼ਿਲ੍ਹਾ ਪ੍ਰਸ਼ਾਸਨ ਨੇ ਬੰਦ ਕਰਵਾਇਆ ਪਸ਼ੂ ਮੇਲਾ
- ਲੋਕਾਂ ਦੇ ਵਿਰੋਧ ਕਾਰਨ ਡੱਬਵਾਲੀ ’ਚ ਵੀ ਨਹੀਂ ਲੱਗ ਸਕਿਆ ਮੇਲਾ
ਪਸ਼ੂਆਂ ਵਿੱਚ ਲੰਪੀ ਸਕਿਨ ਨਾਂ ਦੇ ਚਮੜੀ ਰੋਗ ਬਾਰੇ ਜ਼ਿਲ੍ਹਾ ਮੈਜਿਸਟਰੇਟ ਦੇ ਦੇਰੀ ਨਾਲ ਮਿਲੇ ਹੁਕਮਾਂ ਕਾਰਨ ਪਸ਼ੂ ਮੇਲਾ ਕਾਰੋਬਾਰੀਆਂ, ਪਸ਼ੂ ਠੇਕੇਦਾਰਾਂ ਅਤੇ ਰੇਹੜੀਆਂ ਫੜ੍ਹੀਆਂ ਵਾਲਿਆਂ ਨੂੰ ਖ਼ੁਆਰ ਹੋਣਾ ਪਿਆ। ਇਕ ਪਾਸੇ ਜਿੱਥੇ ਪੰਜਾਬ ਵਾਲੇ ਪਾਸੇ ਪੰਜਾਬ ਪੁਲੀਸ ਮੇਲਾ ਗਰਾਊਂਡ ’ਚ ਨਾਕੇ ਲਗਾ ਕੇ ਪਸ਼ੂਆਂ ਸਮੇਤ ਵਪਾਰੀਆਂ ਨੂੰ ਦੁਵੱਲਦੀ ਨਜ਼ਰ ਆਈ, ਉੱਥੇ ਹੀ ਹਰਿਆਣਾ ਵਾਲੇ ਪਾਸੇ ਪਿੰਡ ਡੱਬਵਾਲੀ ਦੇ ਲੋਕਾਂ ਨੇ ਅੜਿੱਕਾ ਡਾਹ ਦਿੱਤਾ। ਇਸ ਦੌਰਾਨ ਪਸ਼ੂ ਮੇਲਾ ਕਿੱਲਿਆਂਵਾਲੀ ਵਿੱਚ ਵੱਖ-ਵੱਖ ਸੂਬਿਆਂ ਤੋਂ ਪੁੱਜੇ ਹਜ਼ਾਰ ਤੋਂ ਵੱਧ ਵਪਾਰੀਆਂ, ਮਜ਼ਦੂਰਾਂ ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ।
ਪਤਾ ਲੱਗਾ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਦੇ 29 ਜੁਲਾਈ ਵਾਲੇ ਹੁਕਮ ਪਸ਼ੂ ਮੇਲਾ ਠੇਕੇਦਾਰ ਕੰਪਨੀ ਕੋਲ ਪੁਲੀਸ ਰਾਹੀਂ 30 ਜੁਲਾਈ ਦੇਰ ਰਾਤ ਤਾਮੀਲ ਹੋਏ। ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂ ਮੰਡੀ ’ਤੇ ਪਾਬੰਦੀ ਬਾਰੇ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਬਾਰੇ ਪ੍ਰਸ਼ਾਸਨ ਨੇ ਕੋਈ ਅਗਾਊਂ ਜਾਣਕਾਰੀ ਜਾਂ ਸੂਚਨਾ ਜਨਤਕ ਨਹੀਂ ਕੀਤੀ, ਜਿਸ ਕਾਰਨ ਦਿਨ ਚੜ੍ਹਨ ’ਤੇ ਵੱਡੀ ਗਿਣਤੀ ਪਸ਼ੂ ਵਪਾਰੀ ਮੇਲਾ ਕਿੱਲਿਆਂਵਾਲੀ ਵਿੱਚ ਪੁੱਜਣ ਲੱਗੇ। ਮੰਡੀ ਕਿੱਲਿਆਂਵਾਲੀ ਪੁਲੀਸ ਚੌਕੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਪਾਬੰਦੀ ਦੇ ਹਵਾਲੇ ਨਾਲ ਨਾਕੇ ਲਗਾ ਕੇ ਪਸ਼ੂਆਂ ਨੂੰ ਬਾਹਰ ਕਢਵਾ ਕੇ ਮੇਲਾ ਗਰਾਊਂਡ ਖਾਲੀ ਕਰਵਾ ਦਿੱਤਾ। ਇਸ ’ਤੇ ਪੰਜਾਬ ਦੀ ਠੇਕੇਦਾਰ ਧਿਰ ਦੇ ਹਿੱਸੇਦਾਰ ਸੁਖਪਾਲ ਸਿੰਘ ਭਾਟੀ ਨੇ ਉਸ ਕੋਲ ਹਰਿਆਣਾ ਸਰਕਾਰ ਦਾ ਠੇਕਾ ਹੋਣ ਕਰ ਕੇ ਫੌਰੀ ਡੱਬਵਾਲੀ ਵਿੱਚ ਸਿਰਸਾ ਰੋਡ ’ਤੇ ਖਾਲੀ ਪਈ ਜ਼ਮੀਨ ’ਤੇ ਪਸ਼ੂ ਮੇਲਾ ਲਗਵਾ ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਸਿਟੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਠੇਕੇਦਾਰ ਅਤੇ ਵਿਰੋਧ ਕਰ ਰਹੇ ਲੋਕਾਂ ਨੂੰ ਬੈਠ ਕੇ ਮਾਮਲਾ ਹੱਲ ਕਰਨ ਲਈ ਕਿਹਾ ਅਤੇ ਅਖ਼ੀਰ ਲੋਕਾਂ ਦੇ ਵਿਰੋਧ ਕਾਰਨ ਪਸ਼ੂ ਮੰਡੀ ਨਹੀਂ ਲੱਗ ਸਕੀ। ਠੇਕੇਦਾਰ ਸੁਖਪਾਲ ਸਿੰਘ ਨੇ ਉਕਤ ਵਿਅਕਤੀਆਂ ’ਤੇ ਪਸ਼ੂ ਵਪਾਰੀਆਂ ਦੀ ਬੇਵਜ੍ਹਾ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਵੱਲੋਂ ਜਾਰੀ ਪੱਤਰ ਮੁਤਾਬਕ ਉਨ੍ਹਾਂ ਕੋਲ ਸੂਬੇ ਦੇ ਕਿਸੇ ਵੀ ਖੇਤਰ ਵਿੱਚ ਪਸ਼ੂ ਮੇਲਾ ਲਗਾਉਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਸ਼ੂ ਮੇਲੇ ਵਾਲੀ ਇਹ ਜਗ੍ਹਾ ਉਨ੍ਹਾਂ ਨੇ ਸਰਕਾਰ ਤੋਂ ਠੇਕੇ ’ਤੇ ਲਈ ਹੋਈ ਹੈ।
ਉੱਧਰ, ਡੱਬਵਾਲੀ ਦੇ ਐੱਸਡੀਐੱਮ ਰਾਜੇਸ਼ ਪੂਨੀਆਂ ਨੇ ਕਿਹਾ ਕਿ ਪਸ਼ੂ ਮੰਡੀ ਲਗਾਉਣ ਲਈ ਸਬੰਧਤ ਧਿਰ ਕੋਈ ਸਰਕਾਰੀ ਮਨਜ਼ੂਰੀ ਨਹੀਂ ਦਿਖਾ ਸਕੀ। ਪਿੱਛੇ ਜਿਹੇ ਇੱਕ ਦਰਖਾਸਤ ਆਈ ਸੀ, ਜਿਸ ਨੂੰ ਵੱਖ-ਵੱਖ ਵਿਭਾਗਾਂ ਨੂੰ ਆਗਾਮੀ ਕਾਰਵਾਈ ਲਈ ਭੇਜਿਆ ਹੋਇਆ ਹੈ।