ਪਰਸ਼ੋਤਮ ਬੱਲੀ
ਬਰਨਾਲਾ, 24 ਜੁਲਾਈ
ਨੇੜਲੇ ਪਿੰਡ ਫਰਵਾਹੀ ਦੇ ਘੋੜਾ ਚੌਕ ਵਿੱਚ ਸੀਟੂ ਵੱਲੋਂ ਆਗੂ ਹਰਬੰਸਾ ਸਿੰਘ, ਬਲਬੀਰ ਸਿੰਘ ਬੀਰਾ, ਗੁਰਬਚਨ ਸਿੰਘ ਤੇ ਸ਼ੀਲਾ ਦੇਵੀ ਦੀ ਅਗਵਾਈ ਹੇਠ ਮੋਦੀ ਸਰਕਾਰ ਵੱਲੋਂ ਲੰਘੀ 30 ਜੂਨ ਦੀ ਅੱਧੀ ਰਾਤ ਨੂੰ ਜ਼ਰੂਰੀ ਸੁਰੱਖਿਆ ਸੇਵਾਵਾਂ ਆਰਡੀਨੈਂਸ 2021 ਜਾਰੀ ਕੀਤੇ ਜਾਣ ਦੇ ਵਿਰੁੱਧ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਦੇਸ਼ ਦੀਆਂ 41 ਸਰਕਾਰੀ ਯੁੱਧ ਸਮੱਗਰੀ, ਹਥਿਆਰ ਬਣਾਉਣੀਆਂ ਫੈਕਟਰੀਆਂ ਨੂੰ ਪੂੰਜੀਪਤੀ ਕਾਰਪੋਰੇਟਸ ਦੇ ਹਵਾਲੇ ਕਰਨ ਵਾਲੇ ਮੋਦੀ ਹਕੂਮਤ ਦੇ ਫੈਸਲਿਆਂ ਨੂੰ ਫੌਰੀ ਰੱਦ ਕਰਨ ਦੀ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ। ਸੀਟੂ ਦੇ ਸੂਬਾਈ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਮੋਦੀ ਹਕੂਮਤ ਵੱਲੋਂ ਚੰਡੀਗੜ੍ਹ ਦੀ ਆਰਡੀਨੈਂਸ ਫੈਕਟਰੀ ਸਮੇਤ ਦੇਸ਼ ਦੀਆਂ ਹੋਰਨਾਂ ਫੈਕਟਰੀਆਂ ਨੂੰ ਪੂਜੀਪਤੀ ਕੰਪਨੀਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ 26 ਜੁਲਾਈ ਤੋਂ 76 ਹਜ਼ਾਰ ਫੈਕਟਰੀ ਕਾਮੇ ਹੜਤਾਲ ’ਤੇ ਜਾ ਰਹੇ ਹਨ। ਇਸ ਮੌਕੇ ਭੋਲਾ ਸਿੰਘ, ਨਾਜਰ ਸਿੰਘ, ਸੁੱਖੋ, ਫਿਨੋ, ਅਮਰਜੀਤ ਕੌਰ, ਗੁਰਦਰਸ਼ਨ, ਜ਼ੋਰਾ ਸਿੰਘ, ਡਾ. ਜਸਵੀਰ ਗੁਰਮ ਸ਼ਾਮਲ ਸਨ।