ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਗਸਤ
ਇੱਥੋਂ ਨੇੜਲੇ ਪਿੰਡ ਕਪੂਰੇ ਵਿੱਚ ਸ਼ਹੀਦ ਭਰਾ ਦੇ ਬੁੱਤ ਨੂੰ ਰੱਖੜੀ ਬੰਨ੍ਹ ਇੱਕ ਭੈਣ ਨੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਇਸ ਮੌਕੇ ਭਾਵੁਕ ਹੁੰਦੇ ਦਵਿੰਦਰ ਕੌਰ ਬਬਲੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਹੌਲਦਾਰ ਅਵਤਾਰ ਸਿੰਘ ਪਿੰਡ ਕਪੂਰੇ ਨੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਊਧਮਪੁਰ ਵਿੱਚ 25 ਮਈ 2001 ਨੂੰ ਸ਼ਹੀਦ ਹੋਏ ਸੀਆਰਪੀਐੱਫ ਜਵਾਨ ਅਵਤਾਰ ਸਿੰਘ ਨੂੰ ਹਰ ਸਾਲ ਆਪਣੇ ਸ਼ਹੀਦ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਦੇਸ਼ ਦੀ ਖਾਤਰ ਸ਼ਹਾਦਤ ਦੇਣ ਭਰਾਵਾਂ ਦੀ ਸ਼ਹਾਦਤ ਨੂੰ ਯਾਦ ਕਰਦੀ ਹੈ।
ਇਸ ਮੌਕੇ ਸ਼ਹੀਦ ਦੀ ਪਤਨੀ ਮਨਜੀਤ ਕੁੱਸਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਦੇ ਆਦਮ ਕੱਦ ਬੁੱਤ ਨੂੰ ਸਲਾਮੀ ਦੇ ਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਪਿੰਡ ਕਪੂਰੇ ਵਿੱਚ ਸ਼ਹੀਦ ਹੌਲਦਾਰ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਨ੍ਹਾਂ ਦਾ ਆਦਮ ਕੱਦ ਬੁੱਤ ਅਮਰ ਸਿੰਘ ਵੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਹੈ, ਜਿੱਥੇ ਅੱਜ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਭੈਣ ਦਵਿੰਦਰ ਕੌਰ ਨੇ ਸ਼ਹੀਦ ਦੇ ਆਦਮ ਕੱਦ ਬੁੱਤ ਤੇ ਰੱਖੜੀ ਬੰਨ੍ਹੀ।
ਭੁੱਚੋ ਮੰਡੀ (ਪਵਨ ਗੋਇਲ): ਪਿੰਡ ਲਹਿਰਾ ਖਾਨਾ ਵਿੱਚ ਅੱਜ ਚਾਰ ਭੈਣਾਂ ਨੇ ਆਪਣੇ ਭਾਈ ਸ਼ਹੀਦ ਨਿਰਮਲ ਸਿੰਘ ਦੇ ਬੁੱਤ ਨੂੰ ਰੱਖੜੀ ਬੰਨ੍ਹੀ। ਇਸ ਮੌਕੇ ਸ਼ਹੀਦ ਦੀਆਂ ਭੈਣਾਂ ਚਰਨਜੀਤ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ ਅਤੇ ਬੇਅੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸ਼ਹੀਦ ਨਿਰਮਲ ਸਿੰਘ ਪੁੱਤਰ ਹਰਬੰਸ ਸਿੰਘ 2008 ਵਿੱਚ ਜੰਮੂ ਸਰਹੱਦ ’ਤੇ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਸੀ। ਉਸ ਦਿਨ ਤੋਂ ਉਹ ਹਰ ਸਾਲ ਪਿੰਡ ਵਿੱਚ ਲੱਗੇ ਆਪਣੇ ਭਰਾ ਦੇ ਬੁੱਤ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਮਨਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ ਦੀ ਬਹਾਦਰੀ ’ਤੇ ਮਾਣ ਹੈ।