
ਪ੍ਰਭੂ ਦਿਆਲ
ਸਿਰਸਾ, 8 ਫਰਵਰੀ
ਇਥੋਂ ਦੇ ਨੌਹਰੀਆ ਬਾਜ਼ਾਰ ’ਚ ਗੋਲੀਬਾਰੀ ਕਰਨ ਦੇ ਮਾਮਲੇ ’ਚ ਫ਼ਰਾਰ ਅਮਨ ਖਲਨਾਇਕ ਨੂੰ ਪੁਲੀਸ ਨੇ ਅੱਜ ਸਵੇਰੇ ਮੁਕਾਬਲੇ ਮਗਰੋਂ ਕਾਬੂ ਕਰ ਲਿਆ। ਫਾਇਰਿੰਗ ਵਿੱਚ ਅਮਨ ਦੇ ਪੈਰ ’ਚ ਗੋਲੀ ਲੱਗੀ ਹੈ, ਜਿਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 25 ਜਨਵਰੀ ਨੂੰ ਨੌਹਰੀਆ ਬਾਜ਼ਾਰ ਵਿੱਚ ਹੋਈ ਫਾਇਰਿੰਗ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ। ਅਮਨ ’ਤੇ ਗੋਲੀ ਚਲਾਉਣ ਦਾ ਦੋਸ਼ ਲੱਗਿਆ ਸੀ, ਜਿਸ ਮਗਰੋਂ ਉਹ ਫ਼ਰਾਰ ਸੀ। ਅਮਨ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਗੁੱਜਰ ਸਮਾਜ ਤੇ ਹੋਰ ਲੋਕਾਂ ਵੱਲੋਂ ਸਿਰਸਾ ਸ਼ਹਿਰ ਨੂੰ ਬੰਦ ਕਰਵਾਇਆ ਗਿਆ, ਜਿਸ ਕਾਰਨ ਪੁਲੀਸ ’ਤੇ ਦਾ ਦਬਾਅ ਵੱਧ ਗਿਆ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਸਨ। ਜ਼ਿਲ੍ਹਾ ਪੁਲੀਸ ਮੁਖੀ ਡਾ. ਅਰਪਿਤ ਜੈਨ ਨੇ ਦੱਸਿਆ ਹੈ ਕਿ ਪੁਲੀਸ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਅਮਨ ਹੁੱਡਾ ਸੈਕਟਰ ਦੇ ਨੇੜੇ ਨਵੀਂ ਹਾਊਸਿੰਗ ਬੋਰਡ ਕਲੋਨੀ ਦੇ ਫਲੈਟ ’ਚ ਹੈ। ਪੁਲੀਸ ਨੇ ਅਮਨ ਨੂੰ ਫੜਣ ਲਈ ਛਾਪੇਮਾਰੀ ਕੀਤੀ ਤਾਂ ਅੱਗਿਓਂ ਗੋਲੀਆਂ ਚਲਾ ਦਿੱਤੀਆਂ ਤੇ ਜਵਾਬ ਵਿੱਚ ਪੁਲੀਸ ਨੇ ਵੀ ਫਾਇਰਿੰਗ ਕੀਤੀ ਜੋ ਅਮਨ ਦੇ ਪੈਰ ਵਿੱਚ ਲੱਗੀ ਹੈ। ਗੋਲੀ ਲੱਗਣ ਮਗਰੋਂ ਅਮਨ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ