ਪ੍ਰਭੂ ਦਿਆਲ
ਸਿਰਸਾ, 26 ਅਗਸਤ
ਹਰਿਆਣਾ ਸਰਕਾਰ ਵੱਲੋਂ ਸੂਬੇ ਦੇ 105 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਨੇ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਰਾਜਪਾਲ ਦੇ ਨਾਂ ਦਿੱਤੇ ਮੰਗ ਪੱਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਸਰਕਾਰ ਦੀ ਚਿਰਾਗ ਯੋਜਨਾ ਨੂੰ ਬੰਦ ਕਰਨ ਤੇ ਬੰਦ ਕੀਤੇ ਸਕੂਲਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਐੱਸਸੀ ਤੇ ਐੱਸਟੀ ਵਿਦਿਆਰਥੀਆਂ ਦੀ ਤਿੰਨ ਸਾਲਾਂ ਦੀ ਬਕਾਇਆ ਵਜੀਫ਼ਾ ਰਾਸ਼ੀ ਦੇਣ, ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ 134 ਏ ਦੇ ਤਹਿਤ ਦਾਖ਼ਲਾ ਦੇਣ ਤੇ ਦਲਿਤਾਂ ਨਾਲ ਕੀਤੇ ਜਾ ਰਹੇ ਜਾਤੀ ਵਿਤਕਰੇ ’ਤੇ ਤੁਰੰਤ ਰੋਕ ਦੀ ਮੰਗ ਕੀਤੀ ਗਈ। ਇਸ ਮੌਕੇ ’ਤੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਭੂਸ਼ਣ ਲਾਲ ਬਰੋੜ, ਦਰਸ਼ਨ ਲਾਲ, ਰਾਮ ਸਿੰਘ, ਰੋਹਿਤ, ਸੋਨੂੰ, ਤੇ ਸੁਰਜੀਤ ਨੀਮਲਾ ਸਮੇਤ ਕਈ ਆਗੂ ਤੇ ਕਾਰਕੁਨ ਮੌਜੂਦ ਸਨ।