ਹਰਦੀਪ ਸਿੰਘ ਜਟਾਣਾ
ਮਾਨਸਾ, 25 ਸਤੰਬਰ
ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਕਲਾਕਾਰਾਂ ਨੇ ਕਿਸਾਨੀ ਵਿਰੋਧੀ ਬਿੱਲਾਂ ਖ਼ਿਲਾਫ਼ ਕੀਤੇ ਗਏ ਪੰਜਾਬ ਬੰਦ ’ਚ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ। ਸਿੱਧੂ ਮੂਸੇਵਾਲਾ ਵਾਲਾ ਵੱਲੋਂ ਐਲਾਣੇ ਮਾਨਸਾ ਦੇ ਮੂਸਾ ਕੈਂਚੀਆਂ ’ਤੇ ਲਗਾਏ ਗਏ ਧਰਨੇ ਵਿੱਚ ਸਿੱਧੂ, ਆਰ ਨੇਤ, ਗੁਰਬਿੰਦਰ ਬਰਾੜ, ਮਾਨ ਕੋਰਵਾਲਾ ਅਤੇ ਅਮ੍ਰਿਤ ਮਾਨ ਸਮੇਤ ਵੱਡੀ ਗਿਣਤੀ ਕਲਾਕਾਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਦੇ ਗੀਤ ਗਾਏ। ਧਰਨੇ ’ਚ ਸ਼ਮੂਲੀਅਤ ਕਰਨ ਵਾਲਿਆਂ ’ਚ ਵੱਡੀ ਗਿਣਤੀ ਨੌਜਵਾਨ ਪੀੜ੍ਹੀ ਦੀ ਸੀ। ਨੌਜਵਾਨ ਹੱਥਾਂ ’ਚ ਕਿਸਾਨ ਏਕਤਾ ਦੇ ਝੰਡੇ ਫੜ ਮੋਟਰਸਾਈਕਲਾਂ, ਕਾਰਾਂ, ਜੀਪਾਂ ਅਤੇ ਟਰੈਕਟਰ ਟਰਾਲੀਆਂ ’ਤੇ ਕਾਲੇ ਝੰਡੇ ਟੰਗ ਕੇ ਪੁੱਜੇ। ਗਾਇਕਾਂ ਨੇ ਕਿਹਾ ਕਿ ਜੇਕਰ ਕਿਸਾਨੀ ਮਰਦੀ ਹੈ ਤਾਂ ਪੂਰਾ ਪੰਜਾਬ ਹੀ ਤਬਾਹ ਹੋ ਜਾਣਾ ਹੈ। ਪੰਜਾਬ ਦਾ ਗੀਤ ਸੰਗੀਤ, ਪੰਜਾਬ ਦੇ ਅਖਾੜੇ, ਪੰਜਾਬੀ ਫਿਲਮਾਂ ਸਭ ਕੁੱਝ ਪੰਜਾਬ ਦੇ ਮਿਹਨਤੀ ਕਿਸਾਨ ਕਰ ਕੇ ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰੰਗ ਕਦੇ ਵੀ ਫਿੱਕੇ ਨਹੀਂ ਪੈਣ ਦਿੱਤੇ ਜਾਣਗੇ। ਗੁਰਬਿੰਦਰ ਬਰਾੜ ਨੇ ਕਿਸਾਨ ਪੱਖੀ ਗੀਤ ਵੀ ਗਾਏ ਅਤੇ ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਨੂੰ ਰੱਜ ਕੇ ਭੰਡਿਆ। ਵੱਡੇ ਕਲਾਕਾਰਾਂ ਨੂੰ ਇੱਕੋ ਮੰਚ ’ਤੇ ਵੇਖਣ ਲਈ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਨੌਜਵਾਨਾਂ ’ਚ ਭਾਰੀ ਜੋਸ਼ ਵੇਖਣ ਨੂੰ ਮਿਲਿਆ।
ਪੰਜਾਬੀ ਗਾਇਕਾਂ ਦੇ ਧਰਨੇ ’ਚੋਂ ਪਿਸਟਲ ਚੋਰੀ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ ਹੋਰ ਗਾਇਕਾਂ ਵੱਲੋਂ ਮਾਨਸਾ ਦੇ ਰਮਦਿੱਤੇਵਾਲਾ ਚੌਕ ’ਚ ਕਿਸਾਨਾਂ ਦੇ ਹੱਕ ਵਿੱਚ ਦਿੱਤੇ ਗਏ ਧਰਨੇ ਦੌਰਾਨ ਇੱਕ ਪਿਸਟਲ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਮਾਨਸਾ ਪੁਲੀਸ ਨੇ ਇਸ ਮਾਮਲੇ ਦੀ ਰਿਪੋਰਟ ਲਿਖ ਕੇ ਪੜਤਾਲ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪਿਸਟਲ ਧਰਨੇ ਵਿੱਚ ਆਏ ਇੱਕ ਵਿਅਕਤੀ ਸੁਖਪਾਲ ਸਿੰਘ ਦੀ ਗੱਡੀ ਵਿੱਚ ਪਿਆ ਦੱਸਿਆ ਗਿਆ ਹੈ। ਇਹ ਵਿਅਕਤੀ ਕਿਸੇ ਪੰਜਾਬੀ ਗਾਇਕ ਦਾ ਨੇੜਲਾ ਵਿਅਕਤੀ ਦੱਸਿਆ ਜਾਂਦਾ ਹੈ।