ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 30 ਮਈ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸ਼ਹਿਣਾ ਵਿੱਚ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ। ਜਿਸ ਦਾ ਉਦਘਾਟਨ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ।
ਸ੍ਰੀ ਮਾਨ ਨੂੰ 150 ਤੋਂ ਵੱਧ ਮੋਟਰਸਾਈਕਲਾਂ ਤੇ ਕਾਰਾਂ ਦੇ ਕਾਫਲੇ ਨਾਲ ਲਿਆਂਦਾ ਗਿਆ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਸ੍ਰੀ ਮਾਨ ਨੇ ਕਿਹਾ ਕਿ ਸਿੱਖ ਧਰਮ ’ਤੇ ਹਮਲੇ ਹੋ ਰਹੇ ਹਨ ਪਰ ਦੋਸ਼ੀ ਫੜ੍ਹੇ ਨਹੀਂ ਜਾਂਦੇ। ਬੇਅਦਬੀਆਂ ਦੇ ਦੋਸ਼ੀ ਕਈ ਸਾਲਾਂ ਤੋਂ ਫੜ੍ਹੇ ਨਹੀਂ ਗਏ। ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ।
ਬਰਗਾੜੀ ’ਚ ਹੋਈਆਂ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਸਮੇਂ ਰੋਸ ਪ੍ਰਗਟ ਲਈ ਰੱਖੇ ਇਕੱਠ ’ਚ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੀ ਚੜ੍ਹਦੀ ਕਲਾਂ ਲਈ ਬਰਗਾੜੀ ’ਚ 1 ਜੂਨ ਨੂੰ ਇਕੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸਰਕਾਰ ਦੀ ਨਾਲਾਇਕੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਹੀ ਚਿੰਤਾਜਨਕ ਹੈ ਤੇ ਦਿਨ ਦਿਹਾੜੇ ਕਤਲ ਹੋ ਰਹੇ ਹਨ।
ਉਨਾਂ ਕਿਹਾ ਕਿ ਉਹ 4 ਜੂਨ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਲਈ ਆਪਣੇ ਕਾਗਜ਼ ਦਾਖਲ ਕਰਨਗੇ। ਸੰਗਤਾਂ ਸ੍ਰੀ ਮਸਤੂਆਣਾ ਸਾਹਿਬ ਵਿਖੇ ਇਕੱਠੀਆਂ ਹੋਣਗੀਆਂ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਥ, ਪੰਜਾਬ, ਪੰਜਾਬੀਅਤ ਦੀ ਆਵਾਜ਼ ਨੂੰ ਸੰਸਦ ਵਿੱਚ ਪਹੁੰਚਾਉਣ ਲਈ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ।
ਇਸ ਮੌਕੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਕੁਲਦੀਪ ਸਿੰਘ ਕਾਲਾ ਉਗੋਕੇ, ਬੇਅੰਤ ਸਿੰਘ ਸਰ੍ਹਾਂ, ਓਂਕਾਰ ਸਿੰਘ ਬਰਾੜ, ਯੂਥ ਵਿੰਗ ਪ੍ਰਧਾਨ ਗੁਰਜੀਤ ਸਿੰਘ, ਗੁਰਤੇਜ ਸਿੰਘ ਅਸਪਾਲ ਕਲਾਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਗੁਰਜੀਤ ਸਿੰਘ ਸਰਕਲ ਪ੍ਰਧਾਨ, ਬੇਅੰਤ ਸਿੰਘ ਗਿੱਲ ਸਰਕਲ ਮੀਤ ਪ੍ਰਧਾਨ, ਤਰਨਜੀਤ ਸਿੰਘ ਸਿੱਧੂ ਇਕਾਈ ਪ੍ਰਧਾਨ ਸ਼ਹਿਣਾ, ਚਾਨਣ ਸਿੰਘ ਧਾਲੀਵਾਲ ਇਕਾਈ ਪ੍ਰਧਾਨ ਯੂਥ ਵਿੰਗ, ਰਮਨਦੀਪ ਸਿੰਘ ਧਾਲੀਵਾਲ ਯੂਥ ਆਗੂ ਹਾਜ਼ਰ ਸਨ।