ਖੇਤਰੀ ਪ੍ਰਤੀਨਿਧ
ਬਰਨਾਲਾ, 2 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ’ਚ ਕਿਸਾਨੀ ਮੰਗਾਂ ਲਈ ਅੱਜ ਐਤਵਾਰ ਦੇ ਬਾਵਜੂਦ ਡੀ.ਸੀ. ਕੰਪਲੈਕਸ ਵਿੱਚ ਜ਼ਿਲ੍ਹਾ ਪੱਧਰੀ ਘਿਰਾਓ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ। ਧਰਨੇ ’ਚ ਸ਼ਾਮਲ ਕਿਸਾਨ ਬੀਬੀਆਂ ਨੇ ਡੀ.ਸੀ. ਦਫ਼ਤਰ ਦੇ ਬੰਦ ਦਰਵਾਜ਼ਿਆਂ ਅੱਗੇ ਬੈਠ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਮੁੱਖ ਮੰਤਰੀ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕਰ ਰਹੇ, ਰਹਿੰਦੀਆਂ ਮੰਗਾਂ ਦਾ ਹੱਲ ਤਾਂ ਦੂਰ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਦੇ ਹੱਲ ਬਿਨਾਂ ਮੁੱਖ ਮੰਤਰੀ ਨੂੰ ਟਲਣ ਨਹੀਂ ਦਿੱਤਾ ਜਾਵੇਗਾ। ਜੇਕਰ ਟਾਲ-ਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਚੁਣਾਵੀਂ ਦੌਰਿਆਂ ਸਮੇਂ ਜਵਾਬ ਮੰਗੇ ਜਾਣਗੇ। ਬੁਲਾਰਿਆਂ ’ਚ ਸੂਬਾ ਆਗੂ ਰੂਪ ਸਿੰਘ ਛੰਨਾ, ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨੈਲ ਸਿੰਘ ਬਦਰਾ, ਖਜ਼ਾਨਚੀ ਭਗਤ ਸਿੰਘ ਛੰਨਾ ਤੇ ਦਰਸ਼ਨ ਸਿੰਘ ਸ਼ਾਮਲ ਸਨ। ਇਸ ਮੌਕੇ ਆਗੂ ਕਮਲਜੀਤ ਕੌਰ ਬਰਨਾਲਾ, ਸੁਖਦੇਵ ਕੌਰ ਠੁੱਲੀਵਾਲ, ਕੁਲਵਿੰਦਰ ਕੌਰ ਮਹਿਲਕਲਾਂ, ਗੁਰਚਰਨ ਸਿੰਘ ਭਦੌੜ, ਭੋਲਾ ਸਿੰਘ, ਜਰਨੈਲ ਸਿੰਘ ਜਵੰਦਾ, ਰਾਜਿੰਦਰ ਸਿੰਘ, ਬੂਟਾ ਸਿੰਘ, ਨਾਹਰ ਸਿੰਘ ਗੁੰਮਟੀ, ਰਾਮ ਸਿੰਘ ਸੰਘੇੜਾ ਆਦਿ ਆਗੂ ਵੀ ਹਾਜ਼ਰ ਸਨ।