ਪੱਤਰ ਪ੍ਰੇਰਕ
ਸਰਦੂਲਗੜ੍ਹ, 29 ਜੁਲਾਈ
ਹਲਕੇ ਦੇ ਪਿੰਡ ਚੋਟੀਆਂ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਮਾਲਵਾ) ਨੇ ਬੀਡੀਪੀਓ ਦਫ਼ਤਰ ਸਰਦੂਲੇਵਾਲਾ ਦਾ ਘਿਰਾਓ ਕਰਕੇ ਪੰਚਾਇਤ ਵਿਭਾਗ ਵਿਰੁੱਧ ਧਰਨਾ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ ਅਤੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਚੋਟੀਆ ਨੇ ਕਿਹਾ ਕਿ ਪਿੰਡ ਚੋਟੀਆਂ ਦੇ ਮੌਜੂਦਾ ਸਰਪੰਚ ਵੱਲੋਂ ਕੁਝ ਵਿਅਕਤੀਆਂ ਨੂੰ ਸ਼ਹਿ ਦੇ ਕੇ ਪੰਚਾਇਤੀ ਜਗ੍ਹਾ ਅਤੇ ਗਲੀਆਂ ’ਤੇ ਨਾਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ। ਭਾਵੇਂ ਪਿੰਡ ਵਾਸੀਆਂ ਨੇ ਇਸ ਦੀ ਦਰਖਾਸਤ ਸਬੰਧਤ ਮਹਿਕਮੇ ਨੂੰ ਦਿੱਤੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਬੀਡੀਪੀਓ ਦਫ਼ਤਰ ਸਰਦੂਲੇਵਾਲਾ ਅੱਗੇ ਧਰਨਾ ਲਾਉਣਾ ਪਿਆ ਹੈ। ਇਸ ਮੌਕੇ ਬੀਡੀਪੀਓ ਪਰਮਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਇਸ ’ਤੇ ਕਾਰਵਾਈ ਕਰਕੇ ਨਾਜਾਇਜ਼ ਕਬਜ਼ੇ ਛੁਡਵਾਉਣਗੇ। ਬੀਡੀਪੀਓ ਦੇ ਭਰੋਸੇ ਮਗਰੋਂ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਧਰਨਾ ਚੁੱਕ ਦਿੱਤਾ। ਇਸ ਸਬੰਧੀ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿੰਡ ਵਿੱਚ ਕੋਈ ਕਬਜ਼ੇ ਨਹੀਂ ਕਰਵਾਏ ਗਏ। ਉਨ੍ਹਾਂ ’ਤੇ ਲਾਏ ਦੋਸ਼ ਝੂਠੇ ਹਨ। ਇਸ ਮੌਕੇ ਸੰਦੀਪ ਸਿੰਘ ਆਹਲੂਪੁਰ, ਭੂਰਾ ਸਿੰਘ ਚੋਟੀਆਂ, ਬਿਕਰ ਸਿੰਘ, ਸੁਖਮੰਦਰ ਸਿੰਘ ਹਾਜ਼ਰ ਸਨ।