ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ
ਪਿੰਡਾਂ ਵਿੱਚ ਮਨਰੇਗਾ ਅਧਿਕਾਰੀਆਂ ਤੇ ਸਰਪੰਚਾਂ ਵੱਲੋਂ ਨਾਜਾਇਜ਼ ਦਖਲਅੰਦਾਜੀ ਕਰਨ ਤੇ ਪੱਖਪਾਤ ਕਰਨ ਦੇ ਵਿਰੋਧ ’ਚ ਅੱਜ ਐਡਵੋਕੇਟ ਦਵਿੰਦਰ ਸਿੰਘ ਕੋਟਲੀ ਜ਼ਿਲ੍ਹਾ ਇੰਚਾਰਜ਼ ‘ਸੀਟੂ’ ਦੀ ਪ੍ਰਧਾਨਗੀ ’ਚ ਵੱਖ-ਵੱਖ ਪਿੰਡਾਂ ਦੇ ਨਰੇਗਾ ਕਾਮੇ ਅਤੇ ਖੇਤ ਮਜ਼ਦੂਰ ਵੱਲੋਂ ਏਡੀਸੀ ਦਫ਼ਤਰ (ਵਿਕਾਸ) ਦਾ ਘਿਰਾਓ ਕੀਤਾ ਗਿਆ। ਧਰਨੇ ਦੌਰਾਨ ਸੰਬੋਧਨ ਕਰਦਿਆਂ ਐਡਵੋਕੇਟ ਦਵਿੰਦਰ ਸਿੰਘ ਕੋਟਲੀ ਜ਼ਿਲ੍ਹਾ ਇੰਚਾਰਜ਼ ‘ਸੀਟੂ’, ਸੀਟੂ ਆਗੂ ਕਾਮਰੇਡ ਤਰਸੇਮ ਲਾਲ, ਸੀਟੂ ਆਗੂ ਕਾਮਰੇਡ ਇੰਦਰਜੀਤ ਸਿੰਘ, ਕਿਸਾਨ ਆਗੂ ਧਰਮਪਾਲ ਝਬੇਲਵਾਲੀ, ਲਛਮਣ ਸਿੰਘ, ਸੁਖਦੇਵ ਸਿੰਘ ਲੰਡੇਰੋਡੇ, ਸੀਟੂ ਆਗੂ ਰੁਕਮਦਾਸ, ਪ੍ਰਧਾਨ ਮੱਖਣ ਸਿੰਘ, ਸਰਬਜੀਤ ਸਿੰਘ, ਧਿਗਾਣਾ, ਇੰਦਰਜੀਤ ਸਿੰਘ ਫੱਤਣਵਾਲਾ, ਨਾਹਰ ਸਿੰਘ ਪ੍ਰਧਾਨ ਔਲਖ, ਰਮਨਦੀਪ ਕੌਰ ਔਲਖ, ਰਾਜਾ, ਕਾਲਾ ਸਿੰਘ ਅਤੇ ਹਰਦੀਪ ਸਿੰਘ ਪ੍ਰਧਾਨ ਖੜਕ ਸਿੰਘ ਬੋਦੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਧਿਗਾਣਾ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਸਰਪੰਚਾਂ ਤੇ ਸਬੰਧਤ ਗਰਾਮ ਸੇਵਕਾਂ ਵੱਲੋਂ ਨਰੇਗਾ ਕਾਮਿਆਂ ਨੂੰ ਕਥਿਤ ਤੌਰ ’ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਗਰਾਮ ਸੇਵਕ ਵੱਲੋਂ ਮਸਟਰੋਲ ਕੱਢ ਕੇ ਦੇਣ ਤੋਂ ਆਨਾਕਾਨੀ ਕੀਤੀ ਜਾਂਦੀ ਹੈ। ਇਸ ਦੌਰਾਨ ਕਾਮਰੇਡ ਖਰੈਤੀ ਲਾਲ ਨੇ ਦੱਸਿਆ ਕਿ ਮੰਗਾਂ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਧਰਨਾ ਸਵੇਰੇ 11 ਤੋਂ ਲੈ ਕੇ 2 ਵਜੇ ਤੱਕ ਲਗਾਇਆ ਗਿਆ। ਇਸ ਤੋਂ ਉਪਰੰਤ ਏਡੀਸੀ ਦੀ ਗੈਰ ਮੌਜਦੁੂਗੀ ’ਚ ਮੰਗ ਪੱਤਰ ਦਫ਼ਤਰ ਦੇ ਅਧਿਕਾਰੀ ਨੂੰ ਸੌਂਪਿਆ ਗਿਆ ਜਿਸ ’ਚ ਮੰਗ ਕੀਤੀ ਕਿ ਮਜ਼ਦੂਰ ਨਾਲ ਪੱਖਪਾਤ ਕਰਨ ਤੇ ਨਰੇਗਾ ਕੰਮ ਲਈ ਖੱਜਲ ਖੁਆਰ ਕਰਨ ਵਾਲੇ ਪਿੰਡ ਧਿਗਾਣਾ ਦੇ ਗਰਾਮ ਰੋਜ਼ਗਾਰ ਸੇਵਕ ਨੂੰ ਬਰਖਾਸਤ ਕੀਤਾ ਜਾਵੇ, ਮਸਟਰੋਲ ਨੰਬਰ 187 ’ਚ ਜਾਅਲੀ ਹਾਜ਼ਰੀਆਂ ਲਗਾਏ ਜਾਣ ਦੇ ਘਪਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ, ‘ਪ੍ਰਧਾਨ ਮੰਤਰੀ ਗ੍ਰਾਮੀਣ ਅਵਾਸ ਯੋਜਨਾ’ ਅਧੀਨ ਪਿੰਡ ਵੜਿੰਗ, ਧਿਗਾਣਾ, ਸੀਰਵਾਲੀ, ਕੋਟਲੀ ਸੰਘਰ, ਬਰਕੰਦੀ, ਔਲਖ, ਬੋਦੀਵਾਲਾ ਖੜਕ ਸਿੰਘ, ਮੱਲਕਟੋਰਾ, ਛਾਪਿਆਂਵਾਲੀ, ਜੰਡਵਾਲਾ ਜਗਤ ਸਿੰਘ, ਫੱਤਣਵਾਲਾ ਆਦਿ ਪਿੰਡਾਂ ਦੇ ਜਿਨ੍ਹਾਂ ਲਾਭਪਤਾਰੀਆਂ ਦਾ ਨਾਮ ਲਿਸਟ ’ਚ ਹੈ ਉਨ੍ਹਾਂ ਨੂੰ ਤੁਰੰਤ ਕਿਸ਼ਤ ਜਾਰੀ ਕੀਤੀ ਜਾਵੇ, ਲੋੜਵੰਦ ਪਰਿਵਾਰਾਂ ਦੇ ਨਾਮ ਲਿਸਟਾਂ ’ਚ ਪਾਏ ਜਾਣ ਆਦਿ ਮੰਗਾਂ ਸਬੰਧੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।