ਪੱਤਰ ਪ੍ਰੇਰਕ
ਜਲਾਲਾਬਾਦ, 27 ਨਵੰਬਰ
ਹਫਤਾ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀਨੀਅਰ ਨੇਤਾ ਅਨੀਸ਼ ਸਿਡਾਨਾ ਨੇ ਅੱਜ ਮੰਡੀ ਘੁਬਾਇਆ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਲੋਕਲ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕੇ। ਪਿਛਲੇ ਦੋ ਦਿਨਾਂ ਤੋਂ ਲੋਕਲ ਕਾਂਗਰਸੀ ਲੀਡਰਾਂ ਵੱਲੋਂ ਇਕ ਦੂਜੇ ਉੱਪਰ ਲਗਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਸ੍ਰੀ ਸਡਾਨਾ ਨੇ ਕਿਹਾ ਕਿ ਉਨ੍ਹਾਂ ਤਾਂ ਕਾਂਗਰਸ ਵਿਚ ਰਹਿੰਦਿਆਂ ਦੋ ਸਾਲ ਪਹਿਲਾਂ ਹੀ ਆਵਲਾ ਨੂੰ ਇਸ ਵੱਲ ਧਿਆਨ ਦੇਣ ਲਈ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੈਸੇ ਅਤੇ ਪਾਵਰ ਦੇ ਨਸ਼ੇ ਵਿੱਚ ਸ੍ਰੀ ਆਵਲਾ ਵੱਡੇ-ਛੋਟੇ ਦੀ ਇੱਜ਼ਤ ਕਰਨੀ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਰਾਵਣ ਨੂੰ ਰਾਮ ਨੇ ਨਹੀਂ ਉਸ ਦੇ ਹੰਕਾਰ ਨੇ ਮਾਰਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੇ ਕਾਰਜਕਾਲ ਵਿੱਚ ਕਰਵਾਇਆ ਗਿਆ ਵਿਕਾਸ ਅੱਜ ਵੀ ਜਲਾਲਾਬਾਦ ਵਿੱਚ ਮੂੰਹੋਂ ਬੋਲਦਾ ਹੈ। ਇਸ ਮੌਕੇ ਪੂਰਨ ਚੰਦ ਮੁਜੈਦੀਆ, ਹਰਮੀਤ ਬਵੇਜਾ, ਸੁਰਿੰਦਰ ਬਵੇਜਾ, ਕੈਪਟਨ ਬਵੇਜਾ, ਗੁਲਸ਼ਨ ਗੁੰਬਰ, ਸੋਨਾ ਸਾਬਕਾ ਸਰਪੰਚ, ਬੰਟੀ ਬਵੇਜਾ, ਮੰਮਨ ਲਮੋਚੜ, ਰਮੇਸ਼ ਬਗੋਰੀਆ, ਇਕਬਾਲ ਸਿੰਘ ਨਾਹਰ, ਰਮਨ ਸੈਨ, ਲਾਡੀ ਧਵਨ, ਹਰਭਜਨ ਸਰਪੰਚ ਮੌਜੂਦ ਸਨ।