ਸੰਜੀਵ ਹਾਂਡਾ
ਫ਼ਿਰੋਜ਼ਪੁਰ, 18 ਨਵੰਬਰ
ਇਥੋਂ ਦੀ ਬੇਦੀ ਕਲੋਨੀ ਦੇ ਫੇਜ਼-2 ਇਲਾਕੇ ਵਿਚ ਅੱਜ ਗਲੀ ’ਚ ਕ੍ਰਿਕਟ ਖੇਡਣ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਲੜਾਈ ਹੋ ਗਈ ਤੇ ਗੋਲੀ ਵੀ ਚੱਲੀ। ਇਸ ਦੌਰਾਨ ਤਿੰਨ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਪ੍ਰਦੀਪ ਕੁਮਾਰ ਦੇ ਪੱਟ ਵਿਚ ਗੋਲੀ ਵੱਜੀ ਹੈ ਉਹ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪ੍ਰਦੀਪ ਕੁਮਾਰ ਦੇ ਭਰਾ ਹਰਪ੍ਰੀਤ ਸਿੰਘ ਦੇ ਪੈਰ ’ਤੇ ਸੱਟ ਹੈ ਤੇ ਉਹ ਵੀ ਸਿਵਲ ਹਸਪਤਾਲ ਵਿੱਚ ਦਾਖਲ ਹੈ। ਦੂਜੀ ਧਿਰ ਦੇ ਅਕਾਸ਼ਦੀਪ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ ਤੇ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਮੁਖੀ ਇੰਸਪੈਕਟਰ ਮਨੋਜ ਕੁਮਾਰ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਕਾਸ਼ਦੀਪ ਤੇ ਉਸ ਦੇ ਸਾਥੀ ਗਲੀ ਵਿੱਚ ਕ੍ਰਿਕਟ ਖੇਡ ਰਹੇ ਸਨ। ਇਸ ਦੌਰਾਨ ਪ੍ਰਦੀਪ ਦੇ ਪਰਿਵਾਰ ਵਾਲਿਆਂ ਨੇ ਕ੍ਰਿਕਟ ਖੇਡਣ ਤੋਂ ਰੋਕਿਆ ਤਾਂ ਦੋਵਾਂ ਧਿਰਾਂ ਦਰਮਿਆਨ ਝਗੜਾ ਹੋ ਗਿਆ ਤੇ ਤਿੰਨ ਜਣੇ ਜ਼ਖ਼ਮੀਂ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ॥
ਗੋਲੀ ਲੱਗਣ ਕਾਰਨ ਮਹਿਲਾ ਸਰਪੰਚ ਦੀ ਨੂੰਹ ਜ਼ਖ਼ਮੀ: ਮਹਿਲਾ ਸਰਪੰਚ ਪਿੰਡ ਆਲੇ ਵਾਲਾ ਜਖਰਾਵਾਂ ਵਿਚ ਮਹਿਲਾ ਸਰਪੰਚ ਦੇ ਘਰ ਆ ਕੇ ਕੁਝ ਲੋਕਾਂ ਨੇ ਫ਼ਾਇਰਿੰਗ ਕੀਤੀ ਜਿਸ ਦੌਰਾਨ ਸਰਪੰਚ ਦੀ ਨੂੰਹ ਪਰਮਜੀਤ ਕੌਰ ਦੇ ਪੈਰ ਵਿੱਚ ਗੋਲੀ ਵੱਜਣ ਨਾਲ ਉਹ ਜ਼ਖ਼ਮੀਂ ਹੋ ਗਈ। ਮਹਿਲਾ ਸਰਪੰਚ ਦੇ ਜੇਠ ਬਚਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਗੁਰਦੇਵ ਸਿੰਘ ਨੇ ਤਿੰਨ ਸਾਲ ਪਹਿਲਾਂ ਪੱਲਾ ਮੇਘਾ ਪਿੰਡ ਦੇ ਇੱਕ ਵਿਅਕਤੀ ਨੂੰ ਚਾਰ ਲੱਖ ਰੁਪਏ ਉਧਾਰ ਦਿੱਤੇ ਸਨ। ਵੀਰਵਾਰ ਨੂੰ ਗੁਰਦੇਵ ਸਿੰਘ ਨੇ ਫ਼ਿਰ ਉਸ ਵਿਅਕਤੀ ਕੋਲੋਂ ਰੁਪਏ ਵਾਪਸ ਮੰਗੇ ਤਾਂ ਉਹ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਲੈ ਕੇ ਉਸ ਦੇ ਘਰ ਆ ਗਿਆ ਤੇ ਕਥਿਤ ਤੌਰ ’ਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਦੀ ਅਵਾਜ਼ ਸੁਣ ਕੇ ਜਦੋਂ ਪਰਮਜੀਤ ਕੌਰ ਬਾਹਰ ਨਿਕਲੀ ਤਾਂ ਇੱਕ ਗੋਲੀ ਉਸ ਦੇ ਪੈਰ ਵਿੱਚ ਜਾ ਵੱਜੀ। ਪਰਮਜੀਤ ਕੌਰ ਜ਼ਮੀਨ ’ਤੇ ਡਿੱਗ ਪਈ ਤੇ ਰੌਲਾ ਪਾਉਣ ਲੱਗੀ। ਇਸ ਦੌਰਾਨ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਪਰਮਜੀਤ ਕੌਰ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਥਾਣਾ ਸਦਰ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ॥