ਪੱਤਰ ਪ੍ਰੇਰਕ
ਸਰਦੂਲਗੜ੍ਹ , 12 ਜਨਵਰੀ
ਪੰਜਾਬ ਮੰਡੀ ਬੋਰਡ ਵੱਲੋਂ ਅਨਾਜ ਮੰਡੀ ਸਰਦੂਲਗੜ੍ਹ ਦੀ ਚਾਰਦੀਵਾਰੀ ਕੀਤੀ ਜਾ ਰਹੀ ਹੈ। ਮੰਡੀ ਦੇ ਤਿੰਨ ਪਾਸੇ ਚਾਰਦੀਵਾਰੀ ਕਰ ਦਿੱਤੀ ਹੈ। ਅੱਜ ਜਦੋਂ ਮੁੱਖ ਸੜਕ ’ਤੇ ਚਾਰਦੀਵਾਰੀ ਸ਼ੁਰੂ ਕਰਨ ਲਈ ਠੇਕੇਦਾਰ ਵੱਲੋਂ ਜੇ.ਸੀ.ਬੀ ਨਾਲ ਨੀਂਹ ਪੁੱਟੀ ਜਾ ਰਹੀ ਸੀ ਤਾਂ ਦੁਕਾਨਦਾਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ਵਿੱਚ ਇਕੱਠੇ ਹੋ ਗਏ ਅਤੇ ਪੁੱਟੀ ਜਾ ਰਹੀ ਨੀਂਹ ਨੂੰ ਬੰਦ ਕਰਵਾ ਦਿੱਤਾ। ਇਸ ਸਬੰਧੀ ਕੁਲਦੀਪ ਸਿੰਘ ਤੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਦੀਵਾਰ ਬਣਨ ਕਾਰਨ ਦੁਕਾਨਦਾਰ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਨੇ ਮੁੱਖ ਸੜਕ ਕਹਿ ਕੇ ਦੁਕਾਨਦਾਰਾਂ ਨੂੰ ਕਰੋੜਾਂ ਰੁਪਏ ਵਿੱਚ ਇਹ ਦੁਕਾਨਾਂ ਅਲਾਟ ਕੀਤੀਆਂ ਸਨ। ਹੁਣ ਦੁਕਾਨਾਂ ਅੱਗੇ ਕੰਧ ਬਣਾਏ ਜਾਣ ਕਾਰਨ ਉਨ੍ਹਾਂ ਦੇ ਕਾਰੋਬਾਰ ਠੱਪ ਕੀਤੇ ਜਾ ਰਹੇ ਹਨ। ਇਸ ਦੌਰਾਨ ਸਮੂਹ ਦੁਕਾਨਦਾਰਾਂ ਨੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੋਂ ਮੰਗ ਕੀਤੀ ਕਿ ਇਸ ਚਾਰਦੀਵਾਰੀ ’ਤੇ ਰੋਕ ਲਗਾਈ ਜਾਵੇ। ਇਸ ਸਬੰਧੀ ਮੰਡੀ ਬੋਰਡ ਦੇ ਐੱਸ.ਡੀ.ਓ ਹਰਬੰਸ ਸਿੰਘ ਨੇ ਕਿਹਾ ਕਿ ਚਾਰ ਦੀਵਾਰੀ ਬੰਦ ਕਰਨ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਸੜਕ ਦਾ ਅਨੁਮਾਨ ਬਣਾ ਕੇ ਭੇਜ ਦਿੱਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਨਕਸ਼ੇ ਮੁਤਾਬਿਕ ਹੀ ਸਹੂਲਤ ਦਿੱਤੀ ਜਾਵੇਗੀ।