ਪਰਮਜੀਤ ਸਿੰਘ
ਫਾਜ਼ਿਲਕਾ, 31 ਜਨਵਰੀ
ਇੱਥੋਂ ਦੀ ਗਊਸ਼ਾਲਾ ਰੋਡ ਦੇ ਦੁਕਾਨਦਾਰਾਂ ਵੱਲੋਂ ਅੱਜ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਫਾਜ਼ਿਲਕਾ ਦੀ ਗਊਸ਼ਾਲਾ ਦੇ ਮੇਨ ਗੇਟ ਦੇ ਸਾਹਮਣੇ ਧਰਨਾ ਲਗਾ ਕੇ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੁਕਾਨਦਾਰ ਹਰਨਾਮ ਕੰਬੋਜ, ਪਵਨ ਕੁਮਾਰ, ਟੈਨੀ ਅਰੋੜਾ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਪਿਛਲੇ ਲਗਪਗ 35-40 ਸਾਲ ਤੋਂ ਗਊਸ਼ਾਲਾ ਰੋਡ ’ਤੇ ਬਣੀਆਂ ਗਊਸ਼ਾਲਾ ਦੀਆਂ ਦੁਕਾਨਾਂ ਚਲਾ ਰਹੇ ਹਨ ਅਤੇ ਗਊਸ਼ਾਲਾ ਨੂੰ ਹਰ ਮਹੀਨੇ ਕਿਰਾਇਆ ਅਤੇ ਟੈਕਸ ਆਦਿ ਸਭ ਕੁਝ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨਾਲ ਕੀਤੇ ਗਏ ਕਿਰਾਏਨਾਮਾ ’ਚ ਲਿਖਿਆ ਹੋਇਆ ਹੈ ਕਿ ਜੇ ਦੁਕਾਨ ਦੀ ਮੁਰੰਮਤ ਕਰਵਾਉਣੀ, ਫਰਸ਼ ਲਗਵਾਉਣਾ ਜਾਂ ਫਿਰ ਸਫੈਦੀ ਕਰਵਾਉਣੀ ਹੈ ਤਾਂ ਉਹ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਦੁਕਾਨਦਾਰ ਦੁਕਾਨ ਦੀ ਮੁਰੰਮਤ ਅਤੇ ਰੰਗ ਰੋਗਨ ਕਰਵਾ ਰਿਹਾ ਸੀ। ਗਊਸ਼ਾਲਾ ਦੇ ਪ੍ਰਧਾਨ ਅਸ਼ੋਕ ਗੁਲਬਧਰ ਅਤੇ ਕਮੇਟੀ ਵੱਲੋਂ ਉਸ ਨਾਲ ਦੁਰਵਿਹਾਰ ਕੀਤਾ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਥਾਣਾ ਸਿਟੀ ਪੁਲੀਸ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ।ਉਨ੍ਹਾਂ ਪ੍ਰਸ਼ਾਸਨ ਤੋਂ ਪ੍ਰਧਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਵਪਾਰ ਮੰਡਲ ਦੇ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।