ਸ਼ਗਨ ਕਟਾਰੀਆ
ਬਠਿੰਡਾ, 16 ਜੂਨ
ਇਥੋਂ ਦੇ ‘ਮਿੱਤਲ ਮਾਲ’ ਵਿਚਲੀਆਂ ਦੁਕਾਨਾਂ ਦੇ ਸੰਚਾਲਕਾਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਅੱਜ ਮਾਲ ਕੰਪਲੈਕਸ ਦੇ ਦਰਾਂ ’ਤੇ ਧਰਨਾ ਪ੍ਰਦਰਸ਼ਨ ਕੀਤਾ। ਉਹ ਇਤਰਾਜ਼ ਕਰ ਰਹੇ ਸਨ ਕਿ ਮਾਲ ਦੇ ਮਾਲਕ ਵੱਲੋਂ ਨਿਯਮਾਂ ਤੋਂ ਕਥਿਤ ਬਾਹਰੀ ਹੋ ਕੇ ਤਾਲਾਬੰਦੀ ਦੇ ਸਮੇਂ ਦੌਰਾਨ ਦਾ ਕਿਰਾਇਆ ਵਸੂਲਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਸੋਨੂੰ ਓਬਰਾਏ ਅਤੇ ਉਸ ਦੇ ਸਾਥੀ ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨਾਂ ਦੇ ਲੈਣ-ਦੇਣ ਸਮੇਂ ਮਾਲਕ ਨੇ ਸਮਝੌਤਾ ਕੀਤਾ ਸੀ ਕਿ ਅਣਕਿਆਸੀ ਕਿਸੇ ਵੀ ਆਫ਼ਤ ਸਮੇਂ ਕਿਰਾਏ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਰਫ਼ਿਊ ਅਤੇ ਤਾਲਾਬੰਦੀ ਮਗਰੋਂ ਸਰਕਾਰ ਨੇ 8 ਜੂਨ ਤੋਂ ਉਨ੍ਹਾਂ ਨੂੰ ਕਾਰੋਬਾਰ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਲਕਾਂ ਵੱਲੋਂ ਮੰਗੇ ਕਿਰਾਏ ਦੇ ਸਬੰਧ ’ਚ ਕੰਪਲੈਕਸ ਦੇ ਮੈਨੇਜਰ ਨਾਲ ਗੱਲ ਹੋਈ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਮਾਲਕਾਂ ਨਾਲ ਗੱਲ ਕਰਕੇ ਸਾਂਝਾ ਰਾਹ ਲੱਭਣਗੇ। ਦੁਕਾਨਦਾਰਾਂ ਨੇ ਦੱਸਿਆ ਕਿ ਮਾਲ ਦੇ ਮਾਲਕ ਵੱਲੋਂ ਦੁਕਾਨਦਾਰਾਂ ਨਾਲ ਇਸ ਵਿਸ਼ੇ ’ਤੇ ਪਹਿਲਾਂ 15 ਜੂਨ ਨੂੰ ਮੀਟਿੰਗ ਤੈਅ ਕੀਤੀ ਗਈ ਸੀ ਜੋ ਕਿਸੇ ਕਾਰਣ ਹੋ ਨਾ ਸਕੀ। ਇਸ ਪਿੱਛੋਂ ਮੀਟਿੰਗ 17 ਜੂਨ ਦੀ ਕਰ ਦਿੱਤੀ ਗਈ ਅਤੇ ਇਸੇ ਦੌਰਾਨ ਅੱਜ ਦੁਕਾਨਦਾਰਾਂ ਨੂੰ ਈ-ਮੇਲ ਰਾਹੀਂ ਕਿਰਾਇਆ ਭਰਨ ਦੀ ਸੂਚਨਾ ਭੇਜ ਦਿੱਤੀ ਗਈ। ਉਨ੍ਹਾਂ ਇਸ ਨੂੰ ‘ਧੱਕਾ’ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ 7-8 ਸਾਲ ਤੋਂ ਮਾਲ ’ਚ ਕਾਰੋਬਾਰ ਕਰਦੇ ਹਨ ਪਰ ਇਸ ਵਾਰ ਇੰਨਾ ਹਾਲ ਮਾੜਾ ਹੈ ਕਿ ਨਾ ਤਾਂ ਸਿਨੇਮਾ ਚੱਲਦਾ ਹੈ, ਨਾ ਹੋਟਲ ਅਤੇ ਨਾ ਹੀ ਸਟੋਰ ਖੁੱਲ੍ਹਦੇ ਹਨ। ਵਿਖਾਵਾਕਾਰੀਆਂ ਨੇ ਮੰਗ ਕੀਤੀ ਕਿ ਦੁਕਾਨਦਾਰਾਂ ਨੂੰ ਕਰੋਨਾ ਕਾਲ ਦਾ ਕਿਰਾਇਆ ਮੁਆਫ਼ ਕੀਤਾ ਜਾਵੇ ਪਰ ਸਾਂਭ-ਸੰਭਾਲ ਦੀ ਅਦਾਇਗੀ ਕਰਨ ਨੂੰ ਉਹ ਤਿਆਰ ਹਨ।
ਮੈਨੇਜਰ ਗੱਲਬਾਤ ਰਾਹੀਂ ਮਸਲੇ ਦੇ ਹੱਲ ਲਈ ਆਸਵੰਦ
ਮਾਲ ਦੇ ਮੈਨੇਜਰ ਅਜੀਤ ਦਾ ਆਖਣਾ ਸੀ ਕਿ ਦੁਕਾਨਦਾਰਾਂ ਦੀ ਕਾਰਵਾਈ ਸ਼ੋਭਦੀ ਨਹੀਂ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੌਰਾਨ ਮਾਲ ਦਾ ਬਿਜਲੀ ਦਾ ਬਿੱਲ 35 ਲੱਖ ਰੁਪਏ ਦਾ ਹੈ ਅਤੇ ਹੋਰ ਮੈਂਟੀਨੈਂਸ ਦੇ ਖ਼ਰਚੇ ਅਲੱਗ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨਾਲ ਮਿਲ-ਬੈਠ ਕੇ ਪਹਿਲਾਂ ਵੀ ਗੱਲ ਹੋਈ ਸੀ ਅਤੇ ਅੱਗੇ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਸੇ ਸਾਂਝੇ ਨੁਕਤੇ ’ਤੇ ਹੱਲ ਦੀ ਉਮੀਦ ਜਤਾਈ।