ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 10 ਅਕਤੂਬਰ
ਬੀਤੇ ਕੱਲ੍ਹ ਜਿੱਥੇ ਸਥਾਨਕ ਸ਼ਹਿਰ ਦੇ ਦੁਕਾਨਦਾਰਾਂ ਤੇ ਵਪਾਰੀਆਂ ਨੇ ਉਨ੍ਹਾਂ ਤੋਂ ਗੈਂਗਸਟਰਾਂ ਦੇ ਨਾਂ ’ਤੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦਾ ਦਾਅਵਾ ਕਰਦਿਆਂ ਬਾਜ਼ਾਰ ਬੰਦ ਕਰਕੇ ਸੰਕੇਤਕ ਰੋਸ ਪ੍ਰਗਟ ਕੀਤਾ ਸੀ ਅਤੇ ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਸੀ। ਉੱਥੇ, ਅੱਜ ਸਾਰੇ ਬਾਜ਼ਾਰ ਬੰਦ ਕਰਕੇ ਦੁਕਾਨਦਾਰਾਂ ਨੇ ਸਥਾਨਕ ਖੰਡਾ ਚੌਕ ਵਿੱਚ ਧਰਨਾ ਦਿੱਤਾ, ਜੋ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਦਿਵਾਏ ਭਰੋਸੇ ਮਗਰੋਂ ਸਮਾਪਤ ਕੀਤਾ ਗਿਆ। ਜਦੋਂ ਕਿ ਇੱਕ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ’ਤੇ ਤਲਵੰਡੀ ਸਾਬੋ ਪੁਲੀਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸਾਰੇ ਘਟਨਾਕ੍ਰਮ ਤੋਂ ਬਾਅਦ ਦੁਕਾਨਦਾਰਾਂ ਸਮੂਹਿਕ ਰੂਪ ਵਿੱਚ ਥਾਣਾ ਤਲਵੰਡੀ ਸਾਬੋ ਮੁਖੀ ਗੁਰਵਿੰਦਰ ਸਿੰਘ ਅਤੇ ਡੀਐੱਸਪੀ ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ ਸੀ।
ਦੁਕਾਨਦਾਰਾਂ ਨੇ ਅੱਜ ਮੁੜ ਬਾਜ਼ਾਰ ਬੰਦ ਕਰਕੇ ਸਥਾਨਕ ਖੰਡਾ ਚੌਕ ਵਿੱਚ ਧਰਨਾ ਲਗਾ ਦੇ ਸੜਕ ਆਵਾਜਾਈ ਬੰਦ ਕਰ ਦਿੱਤੀ। ਧਰਨੇ ਦਾ ਪਤਾ ਲੱਗਦਿਆਂ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਸ਼ਹਿਰ ਅੰਦਰ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ। ਸਥਿਤੀ ਨੂੰ ਦੇਖਦਿਆਂ ਬਾਜ਼ਾਰ ’ਚ ਪਹੁੰਚੇ ਐੱਸਐੱਸਪੀ ਬਠਿੰਡਾ ਸ੍ਰੀ ਜੇ ਇਲਨਚੇਲੀਅਨ ਵੱਲੋਂ ਧਰਨਾਕਾਰੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਜਿਸ ਮਗਰੋਂ ਦੁਕਾਨਦਾਰਾਂ ਨੇ ਧਰਨਾ ਸਮਾਪਤ ਕਰ ਦਿੱਤਾ। ਹਲਾਤਾਂ ਨੂੰ ਦੇਖਦਿਆਂ ਸਥਾਨਕ ਸ਼ਹਿਰ ਵਿੱਚ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਹੋਈ ਹੈ। ਦੂਜੇ ਪਾਸੇ ਤਲਵੰਡੀ ਸਾਬੋ ਪੁਲੀਸ ਨੇ ਇੱਕ ਦੁਕਾਨਦਾਰ ਵਿਜੈ ਕੁਮਾਰ ਵੱਲੋਂ ਕਥਿੱਤ ਤੌਰ ’ਤੇ ਫਿਰੌਤੀ ਲੈਣ ਦੇ ਲਾਏ ਦੋਸ਼ਾਂ ਤਹਿਤ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਤਲਵੰਡੀ ਸਾਬੋ ਵਾਸੀ ਤਿੰਨ ਵਿਅਕਤੀਆਂ ਮਨਪ੍ਰੀਤ ਸਿੰਘ, ਰਿੰਪੀ ਪ੍ਰਧਾਨ ਅਤੇ ਸਤਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਫਿਰੌਤੀ ਮਾਮਲੇ ਦੇ ਤਾਰ ਨਾਮੀ ਗੈਂਗਸਟਰ ਮਨਪ੍ਰੀਤ ਮੰਨਾ ਨਾਲ ਜੁੜੇ
ਸ਼ਹਿਰ ਦੇ ਦੁਕਾਨਦਾਰਾਂ ਤੇ ਵਪਾਰੀਆਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਦੇ ਤਾਰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਹਿ ਦੋਸ਼ੀ ਅਤੇ ਮਰਹੂਮ ਗੈਂਗਸਟਰ ਕੁਲਵੀਰ ਨਰੂਆਣਾ ਦੇ ਕਤਲ ਕਾਂਡ ਵਿੱਚ ਨਾਮਜ਼ਦ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਤਲਵੰਡੀ ਸਾਬੋ ਨਾਲ ਹੀ ਸਬੰਧ ਰੱਖਦੇ ਨਾਮੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨਾਲ ਜੁੜ ਗਏ ਹਨ। ਉਕਤ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਤਲਵੰਡੀ ਸਾਬੋ ਪੁਲੀਸ ਨੇ ਦਰਜ ਕੀਤੇ ਮਾਮਲੇ ਦੀ ਜਾਣਕਾਰੀ ਅੱਜ ਸ਼ਾਮ ਪ੍ਰੈੱਸ ਨੂੰ ਮੁਹੱਈਆ ਕਰਵਾਈ। ਪੁਲੀਸ ਨੇ ਇੱਥੋਂ ਦੇ ਦੁਕਾਨਦਾਰ ਵਿਜੈ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਸਮੇਤ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਵਿਜੈ ਕੁਮਾਰ ਨੇ ਦੱਸਿਆ ਕਿ 7 ਅਕਤੂਬਰ ਨੂੰ ਉਸ ਦੇ ਡਿਪਾਰਟਮੈਂਟਲ ਸਟੋਰ ’ਤੇ ਸਵੇਰੇ ਇੱਕ ਨੌਜਵਾਨ ਆਇਆ ਜਿਸ ਨੇ ਉਸ ਦੀ ਗੱਲ ਫੋਨ ’ਤੇ ਇੱਕ ਵਿਅਕਤੀ ਨਾਲ ਕਰਵਾਈ ਜਿਸ ਨੇ ਆਪਣੇ ਆਪ ਨੂੰ ਮਨਪ੍ਰੀਤ ਸਿੰਘ ਮੰਨਾ ਦੱਸਦਿਆਂ ਉਨ੍ਹਾਂ ਤੋਂ ਫਿਰੌਤੀ ਮੰਗਦਿਆਂ ਨਗਰ ਕੌਂਸਲ ਪ੍ਰਧਾਨ ਕੋਲ ਜਾਣ ਦੀ ਗੱਲ ਕਹੀ। ਉਸ ਮੁਤਾਬਿਕ ਜਦੋਂ ਉਹ ਨਗਰ ਕੌਂਸਲ ਪ੍ਰਧਾਨ ਰਿੰਪੀ ਕੋਲ ਪੁੱਜੇ ਤਾਂ ਉੱਥੇ ਉਨ੍ਹਾਂ ਨੇ ਮੋਹਤਬਰ ਸਤਿੰਦਰ ਸਿੰਘ ਕੌਂਸਲਰ ਨੂੰ ਵੀ ਬੁਲਾ ਲਿਆ ਅਤੇ ਮੰਨੇ ਨਾਲ ਗੱਲ ਕੀਤੀ। ਮੰਨੇ ਨੇ ਪੰਜ ਲੱਖ ਮੰਗਿਆ ਤੇ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਖ਼ਤਮ ਕਰਨ ਦੀ ਧਮਕੀ ਦਿੱਤੀ ਅਤੇ ਗੱਲ ਚਾਰ ਲੱਖ ਰੁਪਏ ਵਿੱਚ ਨਿੱਬੜ ਗਈ। ਵਿਜੈ ਕੁਮਾਰ ਨੇ ਕਿਹਾ ਕਿ ਚਾਰ ਲੱਖ ਫਿਰੌਤੀ ਦੇਣ ਉਪਰੰਤ 9 ਅਕਤੂਬਰ ਨੂੰ ਸਵੇਰੇ ਫਿਰ ਉਹੀ ਮੁੰਡਾ ਉਨ੍ਹਾਂ ਦੀ ਦੁਕਾਨ ’ਤੇ ਆਇਆ ਅਤੇ ਫਿਰ ਮੰਨੇ ਨਾਲ ਗੱਲ ਕਰਵਾਈ ਤਾਂ ਜਾਨੋ ਮਾਰਨ ਦੀ ਧਮਕੀ ਦੇ ਕੇ ਛੇ ਲੱਖ ਰੁਪਿਆ ਹੋਰ ਮੰਗਿਆ। ਉਨ੍ਹਾਂ ਉਸ ਮੁੰਡੇ ਨੂੰ ਛੇ ਲੱਖ ਰੁਪਿਆ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੁੱਲ ਦਸ ਲੱਖ ਰੁਪਏ ਫਿਰੌਤੀ ਦਿੱਤੀ ਹੈ। ਪੁਲੀਸ ਨੇ ਵਿਜੈ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮਨਪ੍ਰੀਤ ਸਿੰਘ ਮੰਨਾ, ਗੁਰਤਿੰਦਰ ਸਿੰਘ ਰਿੰਪੀ ਪ੍ਰਧਾਨ ਅਤੇ ਸਤਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਦਾ ਕਹਿਣਾ ਹੈ ਕਿ ਉਸ ਨੇ ਸਿਰਫ ਪੰਚਾਇਤੀ ਤੌਰ ’ਤੇ ਇਸ ਮਸਲੇ ਨੂੰ ਹੱਲ ਕਰਨ ਵਿੱਚ ਭੂਮਿਕਾ ਨਿਭਾਈ ਹੈ। ਉਸ ਨੇ ਕੋਈ ਪੈਸਾ ਨਹੀਂ ਫੜਿਆ। ਉਸ ਨੂੰ ਸਿਆਸੀ ਸਾਜਿ਼ਸ਼ ਤਹਿਤ ਦੋਸ਼ ਲਾ ਕੇ ਫਸਾਇਆ ਜਾ ਰਿਹੈ।