ਖੇਤਰੀ ਪ੍ਰਤੀਨਿਧ
ਬਰਨਾਲਾ, 15 ਸਤੰਬਰ
ਜ਼ਿਲ੍ਹਾ ਸਿਹਤ ਅਫਸਰ ਡਾ. ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਅਧੀਨ ਖਾਧ ਪਦਾਰਥਾਂ ਦੇ ਲਏ ਸੈਂਪਲਾਂ ਦੀ ਸਟੇਟ ਲੈਬ ਤੋਂ ਨਿਰਧਾਰਿਤ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਸੈਂਪਲਾਂ ਬਾਬਤ ਐਡਜੂਡਿਕੇਟਿੰਗ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਦਾਲਤ ਨੇ 18 ਕੇਸਾਂ ਵਿੱਚ ਕੁੱਲ 7 ਲੱਖ 30 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ’ਚੋਂ ਧਨੌਲੇ ਤੋਂ ਘਿਉ ਦੇ ਸੈਂਪਲ ਲੈਣ ਮਗਰੋਂ ਬਠਿੰਡਾ ਦੀ ਫਰਮ ਨੂੰ ਸਭ ਤੋਂ ਵੱਧ 4 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਗਿਆ।
ਬਰਨਾਲਾ ਦੀ ਇੱਕ ਡੇਅਰੀ ਨੂੰ ਇੱਕ ਲੱਖ ਰੁਪਏ, ਲੁਧਿਆਣਾ ਦੀ ਫਰੂਟਬਨ ਬਣਾਉਣ ਵਾਲੀ ਫਰਮ ਨੂੰ ਇੱਕ ਲੱਖ ਰੁਪਏ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਵਿੱਚ 1 ਲੱਖ 30 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਜ਼ਿਲ੍ਹਾ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮਿਆਰੀ ਖਾਧ ਪਦਾਰਥ ਮੁਹੱਈਆ ਕਰਾਏ ਜਾਣ।