ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜਨਵਰੀ
ਸੂਬੇ ’ਚ ਵਿਧਾਨ ਸਭਾ ਚੋਣਾਂ ਦੌਰਾਨ ਜਿਥੇ ਵਫ਼ਾਦਾਰੀਆਂ ਬਦਲਣ ਦੀ ਰੁੱਤ ਹੈ ਉਥੇ ਜੋੜ ਤੋੜ ਦੀ ਰਾਜਨੀਤੀ ਵੀ ਸਿਖਰਾਂ ਉੱਤੇ ਹੈ। ਇਥੇ ਚੋਣ ਮੌਸਮ ’ਚ ਸੰਯੁਕਤ ਅਕਾਲੀ ਦਲ ਨੂੰ ਡੂੰਘਾਂ ਝਟਕਾ ਲੱਗਾ ਹੈ। ਇਥੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਵੱਲੋਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਬਾਅਦ ਅੱਜ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਹਰਭੂਪਿੰਦਰ ਸਿੰਘ ਲਾਡੀ ਸਾਥੀਆਂ ਸਮੇਤ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਕੌਮੀ ਸੀਨੀਅਰ ਉਪ ਪ੍ਰਧਾਨ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਮੁੜ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਜਥੇਦਾਰ ਤੋਤਾ ਸਿੰਘ ਨੇ ਪਾਰਟੀ ’ਚ ਸ਼ਾਮਲ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਕਾਂਗਰਸ ਸਰਕਾਰ ਚੋਣ ਵਾਅਦੇ ਪੂਰੇ ਨਹੀਂ ਕਰ ਸਕੀ। ਕੈਪਟਨ ਅਮਰਿੰਦਰ ਸਿੰਘ ਨੂੰ ਝੂਠੀ ਸਹੁ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ਉੱਤੇ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੀਆਂ ਭਲਾਈ ਸਕੀਮਾਂ ਮੁੜ ਚਾਲੂ ਕੀਤੀਆਂ ਜਾਣਗੀਆਂ।
ਉਨ੍ਹਾਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਿਹੜਾ ਆਪਣੇ ਪਰਿਵਾਰ ਦਾ ਨਹੀਂ ਹੋਇਆ ਉਹ ਲੋਕਾਂ ਦਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਲੜਾਈ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਲਈ ਹੈ। ਜਦੋਂ ਭਾਜਪਾ ਵਿੱਚ ਸੀ ਤਾਂ ਉਹ ਮੋਦੀ ਦੇ ਗੁਣ ਗਾਉਂਦਾ ਰਿਹਾ ਅਤੇ ਕਾਂਗਰਸ ’ਚ ਸ਼ਾਮਲ ਹੋਣ ਉਂਤੇ ਸੋਨੀਆਂ ਗਾਂਧੀ ਦੇ ਪੈਰ ਫੜਨ ਲੱਗ ਪਿਆ। ਤੋਤਾ ਸਿੰਘ ਨੇ ਸਵਾਲ ਕੀਤਾ ਕਿ ਸਿੱਧੂ ਤੇ ਉਨ੍ਹਾਂ ਦੀ ਪਤਨੀ ਸਿਰਫ ਪਿਤਾ ਭਗਵੰਤ ਸਿੰਘ ਬਾਰੇ ਹੀ ਕਿਉਂ ਗੱਲ ਕਰਦੇ ਹਨ।