ਪੱਤਰ ਪ੍ਰੇਰਕ
ਮਾਨਸਾ, 4 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਪਾਰ ਵਿੰਗ ਵੱਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਸ ਨੇ ਹਮੇਸ਼ਾਂ ਵਪਾਰੀਆਂ ਨੂੰ ਅਨੇਕਾਂ ਹੀ ਸਹੂਲਤ ਸਰਕਾਰ ਬਣਨ ਸਮੇਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਹਿੱਤਾਂ ਦੀ ਰਾਖੀ ਪਹਿਲ ਦੇ ਅਧਾਰ ’ਤੇ ਕੀਤੀ ਗਈ ਅਤੇ ਹੁਣ ਵੀ ਵਪਾਰੀ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾ ਦੇ ਆਧਾਰ ’ਤੇ ਸਰਕਾਰ ਬਣਨ ਮਗਰੋਂ ਹੱਲ ਕੀਤੀਆਂ ਜਾਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸਰਦੂਲਗੜ੍ਹ ਤੋਂ ਪਾਰਟੀ ਉਮੀਦਵਾਰ ਦਿਲਰਾਜ ਸਿੰਘ ਭੂੰਦੜ, ਮਾਨਸਾ ਤੋਂ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਬੁਢਲਾਡਾ ਹਲਕੇ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੇ ਆਪੋ-ਅਪਾਣੀ ਤਕਰੀਰ ਦੌਰਾਨ ਕਿਹਾ ਕਿ ਅਕਾਲੀ ਦਲ ਦੇ ਪਿਛਲੇ 10 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਬੀਬਾ ਹਰਸਿਮਰਤ ਕੋਰ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਵੱਲੋਂ ਆਪਣੇ ਕੋਟੇ ਵਿੱਚੋਂ ਜ਼ਿਲ੍ਹੇ ਵਿੱਚ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਫੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਬਦੌਲਤ ਅੱਜ ਮਾਨਸਾ ਜ਼ਿਲ੍ਹਾ ਵਿਕਾਸ ਪੱਖੋਂ ਇੱਕ ਨੰਬਰ ’ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਧੂਰੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣਗੇ। ਉਨ੍ਹਾਂ ਲੋਕਾਂ ਤੋਂ ਸਹਿਯੋਗ ਮੰਗਿਆ।
ਇਸ ਮੌਕੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਹਨੀਸ਼ ਬਾਂਸਲ, ਗੁਰਮੇਲ ਸਿੰਘ ਫਫੜੇ, ਆਤਮਾ ਸਿੰਘ ਪੁਮਾਰ, ਮਿੱਠੂ ਅਰੋੜਾ, ਸਿਮਰਨਜੀਤ ਕੌਰ ਸਿੰਮੀ, ਤਰਸੇਮ ਚੰਦ ਮਿੱਢਾ, ਰਮੇਸ਼ ਟੋਨੀ, ਲਵਲੀ ਪਹਿਨਾਬਾ, ਰੋਹਤਾਸ, ਜਤਿੰਦਰ ਵੀਰ ਗੁਪਤਾ, ਹਰਮਨਜੀਤ ਸਿੰਘ ਭੰਮਾ, ਰਘਵੀਰ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।