ਪਰਸ਼ੋਤਮ ਬੱਲੀ
ਬਰਨਾਲਾ, 12 ਜੂਨ
ਬਰਨਾਲਾ ਨੇੜੇ ਨਾਈਵਾਲਾ ਰੋਡ ‘ਤੇ ਅੱਜ ਸ਼ਾਮ ਆਏ ਝੱਖੜ ਨੇ ਅੱਧੀ ਦਰਜਨ ਸ਼ੈੱਲਰਾਂ ਨੂੰ ਲੱਖਾਂ ਦਾ ਨੁਕਸਾਨ ਪਹੁੰਚਾਇਆ। ਸ਼ੈੱਲਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਜਗਰਾਜ ਸਿੰਘ ਰਾਜਾ, ਮਨਵੀਰ ਰਾਈਸ ਮਿੱਲ ਦੇ ਅਜੈਬ ਸਿੰਘ ਜਵੰਧਾ ਤੇ ਪੰਕਜ ਰਾਈਸ ਮਿੱਲ ਦੇ ਸੁਰਿੰਦਰ ਕੁਮਾਰ ਜਿੰਦਲ ਨੇ ਦੱਸਿਆ ਕਿ ਦੁਪਹਿਰ ਦੀ ਤਿੱਖੜ ਗਰਮੀ ਉਪਰੰਤ ਸ਼ਾਮ ਨੂੰ ਅਚਾਨਕ ਮੌਸਮ ‘ਚ ਬੱਦਲਵਾਈ ਹੋਈ ਤੇ ਇਸ ਖਿੱਤੇ ਵਿੱਚੋਂ ਬਹੁਤ ਹੀ ਤੇਜ਼ ਮੀਂਹ ਨਾਲ ਝੱਖੜ ਝੁੱਲਿਆ, ਜਿਸ ਨੇ ਕਰੀਬ ਅੱਧੀ ਦਰਜਨ ਤੋਂ ਵੱਧ ਸ਼ੈੱਲਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਕੁਝ ਸ਼ੈੱਲਰਾਂ ਦੀਆਂ ਛੱਤਾਂ/ਮਸ਼ੀਨਰੀ ਰੂਮਾਂ ਦੀਆਂ ਟੀਨਾਂ/ਚਾਦਰਾਂ ਉੱਡ ਗਈਆਂ ਅਤੇ ਕੁਝ ਦੀਆਂ ਬਾਹਰੀ ਦੀਵਾਰਾਂ ਢਹਿ ਗਈਆਂ। ਉਨ੍ਹਾਂ ਦੱਸਿਆ ਕਿ ਇਸ ਸੜਕ ‘ਤੇ 35 ਤੋਂ ਵੱਧ ਸ਼ੈੱਲਰ ਹਨ। ਇੱਥੇ ਲੇਬਰ ਵੀ ਆਪਣਾ ਕੰਮ ਕਰ ਰਹੀ ਸੀ। ਕਿਸੇ ਜਾਨੀ ਨੁਕਸਾਨ ਦੀ ਅਜੇ ਕੋਈ ਰਿਪੋਰਟ ਨਹੀਂ। ਸ਼ੈੱਲਰਾਂ ਮਾਲਕਾਂ ਪਹਿਲਾਂ ਹੀ ਆਰਥਿਕ ਸੰਕਟ ਝੱਲ ਰਹੀ ਸ਼ੈੱਲਰ ਸਨਅਤ ‘ਤੇ ਕੁਦਰਤ ਦੀ ਦੂਹਰੀ ਮਾਰ ਦੱਸਿਆ।
ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦੇ ਮੌਸਮ ਮਾਹਿਰ ਜਗਜੀਵਨ ਸਿੰਘ ਨੇ ਦੱਸਿਆ ਕਿ 11 ਤੋਂ 13 ਜੂਨ ਦਰਮਿਆਨ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਲਕਾ ਮੀਂਹ ਪੈਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਦੋਂਕਿ ਉਪਰੋਕਤ ਸ਼ੈੱਲਰਾਂ ਨੂੰ ਨੁਕਸਾਨਗ੍ਰਸਤ ਕਰਨ ਯੋਗ ਹਵਾਵਾਂ ਦੀ ਘੱਟੋ-ਘੱਟ ਰਫ਼ਤਾਰ 70 ਕਿਲੋਮੀਟਰ ਤੋਂ 100 ਕਿਲੋਮੀਟਰ ਦੀ ਰਫ਼ਤਾਰ ਦਾ ਝੱਖੜ ਆਂਕਿਆ ਗਿਆ।
ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਸੰਗਤ ਮੰਡੀ ਤੇ ਆਸ-ਪਾਸ ਦੇ ਇਲਾਕੇ ’ਚ ਕੱਲ੍ਹ ਸਮੇਂ ਆਏ ਮੀਂਹ ਤੇ ਤੇਜ਼ ਝੱਖੜ ਨਾਲ ਜਿੱਥੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਉੱਥੇ ਇਲਾਕੇ ਦੇ ਪਿੰਡ ਮਹਿਤਾ ’ਚ ਕਈ ਦਰਖਤ ਜੜ੍ਹਾਂ ’ਚੋਂ ਪੁੱਟੇ ਜਾਣ ਅਤੇ ਬਿਜਲੀ ਦੇ ਖੰਭੇ ਤੇ ਟਰਾਂਸਫਾਰਮਰ ਡਿੱਗ ਗਏ। ਪਿੰਡ ਮਹਿਤਾ ਦੇ ਕਿਸਾਨ ਮਲਕੀਤ ਸਿੰਘ ਤੇ ਤੇਜ਼ਾ ਸਿੰਘ ਸਿੱਧੂ ਨੇ ਦੱਸਿਆ ਕਿ ਮੀਂਹ ਨਾਲ ਫਸਲਾਂ ਨੂੰ ਫਾਇਦਾ ਹੋਵੇਗਾ ਅਤੇ ਗਰਮੀ ਤੋਂ ਵੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਪ੍ਰੰਤੂ ਮੀਂਹ ਦੇ ਨਾਲ ਆਏ ਤੇਜ਼ ਝੱਖੜ ਕਾਰਨ ਖੇਤਾਂ ਚ ਖੜ੍ਹੇ ਕਈ ਦਰੱਖਤ ਜੜਾਂ ਤੋਂ ਉੱਖੜ ਗਏ ਅਤੇ ਬਿਜਲੀ ਦੀਆਂ ਖੇਤੀ ਮੋਟਰਾਂ ਦੇ ਟ੍ਰਾਂਸਫਾਰਮਰ ਵਾਲੇ ਖੰਭੇ ਵੀ ਟੁੱਟ ਜਾਣ ਕਾਰਨ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਬਿਜਲੀ ਦੀ ਸਪਲਾਈ ’ਚ ਪਏ ਵਿਘਨ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਸੇ ਤਰ੍ਹਾਂ ਪਿੰਡ ਨੰਦਗੜ੍ਹ ਵਿੱਚ ਝੱਖੜ ਕਾਰਨ ਪਸ਼ੂਆਂ ਵਾਲੇ ਸ਼ੈੱਡ ਪੁੱਟੇ ਗਏ। ਸੰਗਤ ਮੰਡੀ ਦੇ ਨੇੜਲੇ ਪਿੰਡ ਜੱਸੀ ਬਾਗਵਾਲੀ, ਪਿੰਡ ਸੰਗਤ ਕਲਾਂ ,ਫੁੱਲੋ ਮਿੱਠੀ, ਘੁੱਦਾ, ਨੰਦਗੜ੍ਹ, ਕੋਟਗੁਰੂ, ਮਛਾਣਾ ਗਹਿਰੀ ਬੁੱਟਰ, ਗੁਰੂਸਰ ਸੈਣੇਵਾਲਾ ਅਤੇ ਮਹਿਤਾ ਆਦਿ ਵਿਖੇ ਹਲਕਾ ਮੀਂਹ ਦੀਆਂ ਖਬਰਾਂ ਮਿਲੀਆਂ ਹਨ ਜਿਸ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ ਅਤੇ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ।