ਜੈਤੋ: ਪਾਠਕ ਮੰਚ ਦਬੜ੍ਹੀਖਾਨਾ ਵੱਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਗੋਬਿੰਦਗੜ੍ਹ (ਦਬੜ੍ਹੀਖਾਨਾ) ਦੇ ਵਿਹੜੇ ਵਿੱਚ ਇੱਕ ਸ਼ਾਇਰਾਨਾ ਮਹਿਫ਼ਲ ਸਜਾਈ ਗਈ। ਇਸ ਮੌਕੇ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਨਾਲ ਸਨਮਾਨਿਤ ਨੌਜਵਾਨ ਸ਼ਾਇਰ ਰਣਜੀਤ ਸਰਾਂਵਾਲੀ ਮੁੱਖ ਸ਼ਾਇਰ ਵਜੋਂ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਭਾਰਤੀ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਡਾ. ਮਹਿੰਦਰ ਬੇਦੀ ਸ਼ਾਮਲ ਹੋਏ। ਗੁਰਵਿੰਦਰ ਦਬੜ੍ਹੀਖਾਨਾ ਦੇ ਸਵਾਗਤੀ ਸ਼ਬਦਾਂ ਬਾਅਦ ਸਦੀਕ ਮੁਹੰਮਦ ਨੱਥੂਵਾਲਾ, ਧਰਮਿੰਦਰ ਧਾਲੀਵਾਲ, ਅਰਸ਼ਦੀਪ ਦਬੜ੍ਹੀਖਾਨਾ ਅਤੇ ਜਰਨੈਲ ਜ਼ਖ਼ਮੀ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ। ਅਖੀਰ ਵਿੱਚ ਰਣਜੀਤ ਸਰਾਂਵਾਲੀ ਅਤੇ ਡਾ. ਮਹਿੰਦਰ ਬੇਦੀ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ