ਪੱਤਰ ਪ੍ਰੇਰਕ
ਮਾਨਸਾ, 2 ਨਵੰਬਰ
ਕਾਲਜਾਂ ਦੇ ਯੁਵਕ ਮੇਲਿਆਂ ’ਤੇ ਵੀ ਆਰਥਿਕ ਮੰਦਵਾੜੇ ਦਾ ਅਸਰ ਨਜ਼ਰ ਆਉਣ ਲੱਗਿਆ ਹੈ। ਪ੍ਰਬੰਧਕ ਹੁਣ ਯੁਵਕ ਕਲਾਵਾਂ ਦੇ ਵਿਕਾਸ ’ਤੇ ਘੱਟ ਖਰਚ ਕਰਨ ਲੱਗੇ ਹਨ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਵੀ ਘੱਟਣ ਲੱਗੀ ਹੈ। ਰੋਇਲ ਕਾਲਜ ਬੋੜਾਵਾਲ ਵਿੱਚ ਮਾਨਸਾ ਜ਼ੋਨ ਦੇ ਹੁਣੇ ਖ਼ਤਮ ਹੋਏ ਖੇਤਰੀ ਯੁਵਕ ਮੇਲੇ ਵਿਚ ਭਾਵੇਂ 44 ਕਾਲਜਾਂ ਨੇ ਭਾਗ ਲਿਆ, ਪਰ ਮੁਕਾਬਲੇ ਲਈ ਰੱਖੀਆਂ ਸਾਰੀਆਂ ਆਈਟਮਾਂ ਵਿਚ ਸਾਰੇ ਕਾਲਜ ਭਾਗ ਨਹੀਂ ਲੈ ਸਕੇ। ਮਾਲਵਾ ਪੱਟੀ ਦੀ ਸ਼ਾਨ ਰਹੇ ਭੰਗੜੇ ਦੇ ਮੁਕਾਬਲਿਆਂ ਵਿਚ 44 ਕਾਲਜਾਂ ਵਿਚੋਂ ਸਿਰਫ਼ 2 ਕਾਲਜਾਂ ਨੇ ਭਾਗ ਲਿਆ, ਜਦੋਂ ਕਿ ਸਮੂਹ ਗਾਇਨ ਮੁਕਾਬਲਿਆਂ ਵਿਚ 7 ਕਾਲਜਾਂ, ਕਲਾਸੀਕਲ ਡਾਂਸ ਵਿਚ 1 ਕਾਲਜ ਅਤੇ ਲੋਕ ਸਾਜ਼ਾਂ ’ਤੇ ਆਧਾਰਿਤ ਆਰਕੈਸਟਰਾ ਵਿਚ ਸਿਰਫ਼ 4 ਟੀਮਾਂ ਨੇ ਭਾਗ ਲਿਆ। ਕਲਾਸੀਕਲ ਇੰਸਟਰੂਮੈਂਟ ਵਿਚ ਸਿਰਫ਼ 6 ਟੀਮਾਂ, ਪੱਛਮੀ ਸੋਲੋ ਗਾਇਨ ਵਿਚ 4 ਟੀਮਾਂ, ਪੱਛਮੀ ਸਮੂਹ ਗਾਇਨ ਵਿਚ 3 ਟੀਮਾਂ ਅਤੇ ਪੱਛਮੀ ਸਾਜ਼ ਸੋਲੋ ਵਿਚ ਸਿਰਫ਼ 4 ਟੀਮਾਂ ਨੇ ਭਾਗ ਲਿਆ। ਇਨ੍ਹਾਂ ਕਾਲਜਾਂ ਦੇ ਟੀਮ ਇੰਚਾਰਜਾਂ ਦਾ ਕਹਿਣਾ ਸੀ ਕਿ ਇਹ ਆਈਟਮਾਂ ਤਿਆਰ ਕਰਵਾਉਣ ਲਈ ਅਤੇ ਲੋੜੀਂਦਾ ਸਾਜੋ-ਸਮਾਨ ਖਰੀਦਣ ਲਈ ਵੱਡੀ ਰਾਸ਼ੀ ਦੀ ਲੋੜ ਪੈਂਦੀ ਹੈ, ਜਦੋਂ ਕਿ ਇਨ੍ਹਾਂ ਦੇ ਕਾਲਜਾਂ ਪਾਸ ਸਾਧਨ ਸੀਮਤ ਹਨ। ਮੁਕਾਬਲੇ ਵਿਚ ਪੇਸ਼ ਹੋਈਆਂ ਦੂਜੀਆਂ ਆਈਟਮਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਘੱਟ ਖਰਚੇ ਵਾਲੀਆਂ ਆਈਟਮਾਂ ਦੀ ਭਾਗੀਦਾਰ ਵੱਧ ਰਹੀ। ਗਿੱਧੇ ਵਿਚ 5 ਕਾਲਜਾਂ ਨੇ ਭਾਗ ਲਿਆ, ਗਰੁੱਪ ਸ਼ਬਦ ਵਿਚ 18 ਕਾਲਜਾਂ, ਗੀਤ/ਗਜ਼ਲ ਵਿਚ 19 ਕਾਲਜਾਂ, ਚਿੱਤਰਕਾਰੀ ਵਿਚ 22 ਕਾਲਜਾਂ, ਕਲੇਅ ਮਾਡਲਿੰਗ ਵਿਚ 18 ਕਾਲਜਾਂ, ਲੋਕ ਕਲਾਵਾਂ ’ਚ 13, ਕਾਵਿ ਉਚਾਰਨ ਵਿਚ 14 ਕਾਲਜਾਂ, ਪੋਸਟਰ ਬਣਾਉਣ ਵਿਚ 18 ਕਾਲਜਾਂ ਨੇ ਹਿੱਸਾ ਲਿਆ। ਮਰਹੂਮ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਧਰਮਪਤਨੀ ਅਤੇ ਪ੍ਰਸਿੱਧ ਰੰਗਕਰਮੀ ਮਨਜੀਤ ਕੌਰ ਔਲਖ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਲਜ ਵਿੱਚ ਨੌਜਵਾਨਾਂ ਦੇ ਸੱਭਿਆਚਾਰਕ ਵਿਕਾਸ ਲਈ ਵਧੇਰੇ ਫੰਡਾਂ ਦਾ ਪ੍ਰਬੰਧ ਕੀਤਾ ਜਾਵੇ।