ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਅਪਰੈਲ
ਮੁਕਤਸਰ ਵਿੱਚ ਸੀਵਰੇਜ ਦਾ ਸਿਸਟਮ ਬੁਰੀ ਤਰ੍ਹਾਂ ਅਸਤ-ਵਿਅਸਤ ਹੈ| ਸ਼ਹਿਰ ਦੇ ਮੁੱਖ ਬਾਜ਼ਾਰ ’ਚ ਬਾਵਾ ਸੰਤ ਸਿੰਘ ਰੋਡ, ਹਕੀਮਾਂ ਵਾਲੀ ਗਲੀ ਤੇ ਸ਼ਾਮਾ ਨਰਸ ਵਾਲੀ ਗਲੀ ਦੇ ਚੌਕ ’ਚ ਡਾਕਟਰ ਦੁੱਗਲ ਦੀ ਦੁਕਾਨ ਅੱਗੇ ਸੀਵਰੇਜ ਦੇ ਪਾਣੀ ਦੀ ਝੀਲ ਬਣੀ ਹੋਈ ਹੈ| ਸੀਵਰੇਜ ਵਿੱਚੋਂ ਚਸ਼ਮੇ ਵਾਂਗ ਫੁੱਟ-ਫੁੱਟ ਕੇ ਗੰਦਾ ਪਾਣੀ ਬਾਹਰ ਨਿਕਲ ਰਿਹਾ ਹੈ|
ਲੋਕ ਗੰਦੇ ਪਾਣੀ ਵਿੱਚ ਦੀ ਲੰਘਣ ਲਈ ਮਜਬੂਰ ਹਨ| ਦੁਕਾਨਦਾਰ ਸਾਰਾ ਦਿਨ ਗੰਦੇ ਮੁਸ਼ਕ ਵਾਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ| ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ| ਸਾਰੀਆਂ ਗਲੀਆਂ ਦਾ ਪਾਣੀ ਚੌਕ ਵਿੱਚ ਇਕੱਠਾ ਹੋ ਜਾਂਦਾ ਹੈ| ਗਲੀਆਂ ਉੱਚੀਆਂ ਹਨ ਅਤੇ ਚੌਕ ਨੀਵਾਂ ਹੈ| ਸੀਵਰੇਜ ਵਿੱਚੋਂ ਵੀ ਪਾਣੀ ਉਬਾਲੇ ਮਾਰ ਕੇ ਬਾਹਰ ਨਿੱਕਲ ਰਿਹਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ| ਖੇਤਰ ਦੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ| ਇਸ ਦੌਰਾਨ ਸੀਵਰੇਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਸੀਵਰੇਜ ਦੀਆਂ ਪਾਈਪਾਂ ਬੰਦ ਹੋਣ ਕਰਕੇ ਮੋਟਰ ਪਾਣੀ ਦੀ ਖਿਚਾਈ ਨਹੀਂ ਕਰਦੀਆਂ| ਹੁਣ ਵੱਡੀ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਕੀਤੀ ਜਾਵੇਗੀ|