ਰਵਿੰਦਰ ਰਵੀ
ਬਰਨਾਲਾ, 2 ਜੁਲਾਈ
ਇੱਥੋਂ ਨੇੜਲੇ ਪਿੰਡ ਨੰਗਲ ਦੀ ਗ੍ਰਾਮ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਸਵੈ-ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ ਅਤੇ ਬੱਚਿਆਂ ਨੂੰ ਆਪਣੀ ਸਮਰੱਥਾ ਤੱਕ ਪਹੁੰਚਾਉਣ ਲਈ ਵਿਕਾਸ, ਭਾਗੀਦਾਰੀ ਤੇ ਸੁਰੱਖਿਆ ਲਈ ਆਪਣੇ ਅਧਿਕਾਰਾਂ ਦਾ ਆਨੰਦ ਲੈਣ ਦੇ ਯੋਗ ਬਣਾਉਣ ਲਈ ਅਹਿਮ ਫੈਸਲੇ ਕੀਤੇ। ਇਜਲਾਸ ਦੀ ਪ੍ਰਧਾਨਗੀ ਸਭਾਪਤੀ ਦਰਸ਼ਨ ਸਿੰਘ ਨੇ ਕੀਤੀ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ। ਪੰਚਾਇਤ ਸਕੱਤਰ ਗੁਰਪ੍ਰੀਤ ਸਿੰਘ ਮੰਗਾ ਨੇ ਪਿਛਲੇ ਵਿੱਤੀ ਸਾਲ ਦੇ ਲੇਖਿਆਂ ਦਾ ਸਾਲਾਨਾ ਚਿੱਠਾ ਅਤੇ ਚਾਲੂ ਸਾਲ ਦੌਰਾਨ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ। ਗ੍ਰਾਮ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ। ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਬਲਾਕ ਕੋਆਡੀਨੇਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ ’ਤੇ ਵਾਤਾਵਰਨ ਸ਼ੁੱਧ ਰੱਖਣ ਲਈ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਸਥਾਈ ਵਿਕਾਸ ਦੇ ਟੀਚਿਆਂ ਦੇ ਪ੍ਰਾਜੈਕਟ ’ਤੇ ਕੰਮ ਕਰਨ ਵਾਲੇ ਵੀਡੀੳ ਪਰਮਜੀਤ ਭੁੱਲਰ ਨੇ ਦੱਸਿਆ ਕਿ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸਥਾਈ ਵਿਕਾਸ ਦੇ ਟੀਚਿਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪੰਚਾਇਤ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਅਹਿਮ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਥਾਪਰ ਮਾਡਲ ਛੱਪੜ ਦਾ ਨਿਰਮਾਣ ਕਰਨਾ, ਮੀਂਹ ਦੇ ਪਾਣੀ ਦੀ ਸੰਭਾਲ ਲਈ ਸਾਂਝੀਆਂ ਥਾਵਾਂ ’ਤੇ ਰੇਨ ਵਾਟਰ ਰੀਚਾਰਜ ਪਿੱਟ, ਪੰਚਾਇਤ ਘਰ ਤੇ ਲਾਇਬ੍ਰੇਰੀ ਇਮਾਰਤ ਦੀ ਉਸਾਰੀ, ਪਾਰਕ ਤੇ ਸਾਂਝੀਆਂ ਥਾਵਾਂ ’ਤੇ ਬੂਟੇ ਲਾਉਣਾ, ਸੋਲਨ ਵੇਸਟ ਮੈਨੇਜਮੈਂਟ ਤਹਿਤ ਪਿਟ ਸ਼ੈੱਡ ’ਤੇ ਚਾਰਦੀਵਾਰੀ, ਹੈਲਥ ਡਿਸਪੈਂਸਰੀ ਦੀ ਇਮਾਰਤ, ਗਲੀਆਂ ਨਾਲੀਆਂ ਦੀ ਉਸਾਰੀ, ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆ ਦੀ ਚੋਣ, ਬੱਚਿਆਂ ਨੂੰ ਗੁਣਵੱਤਾ ਵਾਲਾ ਪੋਸ਼ਟਿਕ ਭੋਜਨ ਯਕੀਨੀ ਬਨਾਉਣ, ਏਕੀਕ੍ਰਿਤ ਬਾਲ ਵਿਕਾਸ ਸਕੀਮਾਂ ਦਾ ਲਾਭ ਦਿਵਾਉਣਾ ਆਦਿ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।