ਪੱਤਰ ਪ੍ਰੇਰਕ
ਮਾਨਸਾ, 11 ਸਤੰਬਰ
ਸਥਾਨਕ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਸੱਤ ਜਣਿਆਂ ਪਾਸੋਂ 18,692 ਨਸ਼ੀਲੀਆਂ ਗੋਲੀਆਂ, 229 ਬੋਤਲਾਂ ਸ਼ਰਾਬ, 200 ਲਿਟਰ ਲਾਹਣ ਸਣੇ ਚਾਲੂ ਭੱਠੀ ਅਤੇ 8 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।
ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਜਸਪਾਲ ਸਿੰਘ ਨੂੰ ਕਾਬੂ ਕਰ ਕੇ 17,400 ਨਸ਼ੀਲੀਆਂ ਗੋਲੀਆਂ ਅਤੇ ਮਹਿੰਦਰ ਸਿੰਘ ਪਾਸੋਂ 982 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਨੂੰ ਮੋਟਰਸਾਈਕਲ ਸਣੇ ਕਾਬੂ ਕਰ ਕੇ 210 ਨਸ਼ੀਲੀਆਂ ਗੋੋਲੀਆਂ ਬਰਾਮਦ ਕੀਤੀਆਂ ਹਨ। ਮਨਪ੍ਰੀਤ ਸਿੰਘ ਨੂੰ ਕਾਬੂ ਕਰ ਕੇ 8 ਨਸ਼ੀਲੀਆਂ ਸ਼ੀਸ਼ੀਆਂ ਤੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਵਰਿੰਦਰ ਸਿੰਘ ਨੂੰ ਕਾਬੂ ਕਰ ਕੇ 228 ਬੋਤਲਾਂ ਸ਼ਰਾਬ ਅਤੇ ਕਾਕਾ ਸਿੰਘ ਪਾਸੋਂ 1 ਚਾਲੂ ਭੱਠੀ, 180 ਲਿਟਰ ਲਾਹਣ ਅਤੇ 1 ਬੋਤਲ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭੋਲਾ ਸਿੰਘ ਵਾਸੀ ਭੰਮੇ ਕਲਾਂ ਨੂੰ ਕਾਬੂ ਕਰ ਕੇ 20 ਲਿਟਰ ਲਾਹਣ ਬਰਾਮਦ ਕੀਤੀ ਗਈ ਹੈ।
ਔਰਤ ਹੈਰੋਇਨ ਅਤੇ ਨਗਦੀ ਸਣੇ ਗ੍ਰਿਫ਼ਤਾਰ
ਏਲਨਾਬਾਦ (ਪੱਤਰ ਪ੍ਰੇਰਕ): ਐਂਟੀ ਨਾਰਕੋਟਿਕਸ ਸੈੱਲ ਏਲਨਾਬਾਦ ਪੁਲੀਸ ਨੇ ਸ਼ਹਿਰ ਦੇ ਕਿਸ਼ਨਪੁਰਾ ਰੋਡ ਤੋਂ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 10 ਗ੍ਰਾਮ ਹੈਰੋਇਨ, ਇੱਕ ਮੋਬਾਈਲ ਫੋਨ ਅਤੇ 12,800 ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਔਰਤ ਦੀ ਪਛਾਣ ਸੋਨੂੰ ਦੇਵੀ ਪਤਨੀ ਸੁਭਾਸ਼ ਚੰਦਰ ਵਾਸੀ ਵਾਰਡ ਨੰਬਰ 15 ਵਜੋਂ ਹੋਈ ਹੈ। ਏਐਸਆਈ ਅਨਿਲ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਏਲਨਾਬਾਦ ਦੇ ਕਿਸ਼ਨਪੁਰਾ ਰੋਡ ’ਤੇ ਮੌਜੂਦ ਸੀ। ਇਸ ਦੌਰਾਨ ਇੱਕ ਔਰਤ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਸ਼ੱਕ ਦੇ ਆਧਾਰ ’ਤੇ ਜਦੋਂ ਮਹਿਲਾ ਪੁਲੀਸ ਕਰਮਚਾਰੀ ਨੇ ਉਸ ਦੀ ਤਲਾਸ਼ੀ ਲਈ ਤਾਂ ਔਰਤ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਮੁਲਜ਼ਮ ਨੇ ਦੱਸਿਆ ਕਿ ਉਹ ਇਹ ਹੈਰੋਇਨ ਜੰਗੀਰ ਸਿੰਘ ਵਾਸੀ ਤਲਵਾੜਾ ਝੀਲ (ਰਾਜਸਥਾਨ) ਤੋਂ ਖ਼ਰੀਦ ਕੇ ਲਿਆਈ ਹੈ। ਹੈਰੋਇਨ ਵੇਚ ਕੇ ਹੀ ਉਸ ਨੇ ਨਗਦੀ ਇਕੱਠੀ ਕੀਤੀ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।