ਸੰਜੀਵ ਹਾਂਡਾ
ਫ਼ਿਰੋਜ਼ਪੁਰ,19 ਅਪਰੈਲ
ਫ਼ਿਰੋਜ਼ਪੁਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਲੁਟੇਰਾ ਗਿਰੋਹ ਦੇ ਸੱਤ ਮੈਂਬਰਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਗਿਆ ਹੈ। ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਗੁਰੂਹਰਸਹਾਏ ਦੇ ਸ਼ਮਸ਼ਾਨਘਾਟ ਤੋਂ ਗ੍ਰਿਫ਼ਤਾਰ ਕੀਤੇ ਪੰਜ ਲੁਟੇਰਿਆਂ ਕੋਲੋਂ ਦੋ ਪਿਸਤੌਲ, ਇੱਕ ਰਿਵਾਲਵਰ, ਇੱਕ ਦੇਸੀ ਕੱਟਾ, ਦਸ ਰੌਂਦ ਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੈਂਗ ਦਾ ਮੁਖੀ ਸਾਗਰ ਉਰਫ਼ ਬਿੱਲਾ ਹੈ ਜਿਸ ਖ਼ਿਲਾਫ਼ ਪਹਿਲਾਂ ਵੀ ਸੱਤ ਕੇਸ ਦਰਜ ਹਨ। ਇਸਦਾ ਦੂਜਾ ਸਾਥੀ ਗੁਰਦੀਪ ਸਿੰਘ ਉਰਫ਼ ਕਾਲਾ ਸ਼ੂਟਰ ਦੇ ਖ਼ਿਲਾਫ਼ ਵੀ ਛੇ ਕੇਸ ਦਰਜ ਹਨ। ਬਾਕੀ ਦੇ ਤਿੰਨ ਸਾਥੀਆਂ ’ਚ ਛਿੰਦਾ, ਸਾਗਰ ਤੇ ਵਿਸ਼ਾਲ ਵੀ ਸ਼ਾਮਲ ਹਨ। ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇੱਕ ਹੋਰ ਮਾਮਲੇ ’ਚ ਪੁਲੀਸ ਨੇ ਕਾਰਾਂ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਇੱਕ ਲਾਇਸੰਸੀ ਪਿਸਤੌਲ, ਦੋ ਮੈਗਜ਼ੀਨ ਤੇ ਦਸ ਰੌਂਦ ਸਣੇ ਗਿਰਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਨਾਮ ਸਿੰਘ ਉਰਫ਼ ਨਾਮਾ ਵਾਸੀ ਪਿੰਡ ਬਾਠ ਜ਼ਿਲ੍ਹਾ ਤਰਨਤਾਰਨ ਤੇ ਰਣਜੋਧ ਸਿੰਘ ਜੋਧਾ ਵਾਸੀ ਸ਼ਹਾਬਪੁਰ ਜ਼ਿਲ੍ਹਾ ਤਰਨਤਾਰਨ ਵਜੋਂ ਕੀਤੀ ਗਈ ਹੈ। ਮੁਲਜ਼ਮਾਂ ਕੋਲੋਂ ਖੋਹ ਕੀਤੀ ਆਈ ਟਵੰਟੀ ਕਾਰ ਬਰਾਮਦ ਕੀਤੀ ਹੈ।