ਪੇਂਡੂ ਸਿਹਤ ਕੇਂਦਰਾਂ ਦੀਆਂ ਸੇਵਾਵਾਂ ਨੌਂ ਮਹੀਨਿਆਂ ਤੋਂ ਠੱਪ

ਸਟਾਫ ਨੂੰ ਸ਼ਹਿਰੀ ਹਸਪਤਾਲਾਂ ’ਚ ਤਬਦੀਲ ਕੀਤਾ; ਕਰੋਨਾ ਵੇਲੇ ਪਿੰਡਾਂ ਤੋਂ ਸਿਹਤ ਸਹੂਲਤਾਂ ਖੋਹਣ ਤੋਂ ਕਿਸਾਨ ਆਗੂ ਖਫ਼ਾ

ਪੇਂਡੂ ਸਿਹਤ ਕੇਂਦਰਾਂ ਦੀਆਂ ਸੇਵਾਵਾਂ ਨੌਂ ਮਹੀਨਿਆਂ ਤੋਂ ਠੱਪ

ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਬੰਦ ਪਿਆ ਸਿਹਤ ਕੇਂਦਰ।

ਮਨੋਜ ਸ਼ਰਮਾ

ਬਠਿੰਡਾ, 22 ਨਵੰਬਰ

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਿੰਡਾਂ ਦੇ ਵਾਸੀਆਂ ਨੂੰ ਬੇਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਨਵੇਂ ਪੇਂਡੂ ਸਿਹਤ ਕੇਂਦਰਾਂ ਦੇ ਉਦਘਾਟਨ ਤੋਂ ਬਾਅਦ ਪੇਂਡੂ ਸਿਹਤ ਕੇਂਦਰਾਂ ਵਿਚ ਕੰਮ ਕਰਦੇ ਸਿਹਤ ਕਾਮਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਨਵੇਂ ਸਿਹਤ ਕੇਂਦਰਾਂ ਦਾ ਉਦਘਾਟਨ ਕਰ ਰਹੀ ਹੈ, ਦੂਜੇ ਪਾਸੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤਹਿਤ ਬਣੇ ਸਿਹਤ ਕੇਂਦਰਾਂ ’ਤੇ ਜਿੰਦਰੇ ਲਮਕ ਰਹੇ ਹਨ। ਅੰਕੜਿਆਂ ਅਨੁਸਾਰ ਜ਼ਿਲ੍ਹੇ ਦੀਆਂ 59 ਪੇਂਡੂ ਡਿਸਪੈਂਸਰੀਆਂ ਵਿੱਚ 45 ਡਾਕਟਰ ਤੇ 51 ਫਾਰਮੇਸੀ ਅਫ਼ਸਰ ਹਨ। ਇਨ੍ਹਾਂ ਨੂੰ ਮਾਰਚ ਮਹੀਨੇ ਵਿੱਚ ਕਰੋਨਾ ਦੇ ਫੈਲਾਅ ਨੂੰ ਦੇਖਦਿਆਂ ਸ਼ਹਿਰੀ ਹਸਪਤਾਲਾਂ ਵਿਚ ਤਾਇਨਾਤ ਕਰ ਦਿੱਤਾ ਗਿਆ ਸੀ ਪਰ ਨੌਂ ਮਹੀਨੇ ਬੀਤਣ ਦੇ ਬਾਵਜੂਦ ਪੇਂਡੂ ਸਿਹਤ ਕੇਂਦਰਾਂ ’ਤੇ ਜਿੰਦਰੇ ਲੱਗੇ ਹੋਏ ਹਨ। ਇਸ ਬਾਰੇ ਕੁੱਲ ਹਿੰਦ ਕਿਸਾਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਕਰੋਨਾ ਦੇ ਚੱਲਦਿਆਂ ਪਿੰਡਾਂ ਵਿਚ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਨਵੇਂ ਸਿਹਤ ਕੇਂਦਰਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਪੇਂਡੂ ਖੇਤਰ ਵਿੱਚ ਦੁਬਾਰਾ ਸਟਾਫ਼ ਤਾਇਨਾਤ ਕੀਤਾ ਜਾਂਦਾ। ਇਸ ਸਬੰਧੀ ਰੂਰਲ ਹੈਲਥ ਫਾਰਮੇਸੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਵਿਚ ਜੀਐੱਨਐੱਮ ਨਰਸਾਂ ਨੂੰ ਬਰਿੱਜ ਕੋਰਸ ਕਰਵਾ ਕੇ ਬਤੌਰ ਸੀਐੱਚਓ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਏ ਕਿ ਜੇ ਸਿਹਤ ਕੇਂਦਰਾਂ ਵਿਚ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਪਰਚੀ ਲਿਖਣ ਅਤੇ ਦਵਾਈ ਦੇਣ ਦਾ ਅਧਿਕਾਰ ਨਹੀਂ ਹੈ ਤਾਂ ਇਹ ਨਿਯੁਕਤੀ ਸਿਹਤ ਸੇਵਾਵਾਂ ਨਾਲ ਅਨਿਆਂ ਹੈ। ਉਨ੍ਹਾਂ ਇੱਕ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਡੀਸ਼ਨਲ ਚੀਫ ਸੈੱਕਟਰੀ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਡਿਸਪੈਂਸਰੀਆਂ ਨੂੰ ਦੁਬਾਰਾ ਅਪਰੈਲ ’ਚ ਖੋਲ੍ਹਣ ਦੀ ਹਦਾਇਤ ਕੀਤੀ ਗਈ ਸੀ।

ਕਰੋਨਾ ਠੱਲ੍ਹਣ ਮਗਰੋਂ ਖੁੱਲ੍ਹਣਗੀਆਂ ਪੇਂਡੂ ਡਿਸਪੈਂਸਰੀਆਂ: ਡਾਇਰੈਕਟਰ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਨੂੰ ਖੋਲ੍ਹਣ ਸਬੰਧੀ ਸਟੇਟ ਹਾਈਪਾਵਰ ਕਮੇਟੀ ਨਾਲ ਮੀਟਿੰਗ ਹੋਈ ਸੀ ਪਰ ਕਰੋਨਾ ਦੇ ਦੁਬਾਰਾ ਵਧ ਰਹੇ ਕੇਸਾਂ ਕਾਰਨ ਸਟਾਫ ਨੂੰ ਦੁਬਾਰਾ ਸਿਵਲ ਸਰਜਨਾਂ ਅਧੀਨ ਸੇਵਾਵਾਂ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਤਾਇਨਾਤੀ ਬਾਰੇ ਸਥਿਤੀ ਵਿਚ ਸੁਧਾਰ ਹੋਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All