ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਮਈ
ਸੂਬੇ ’ਚ ਲੋਕਾਂ ਨੂੰ ਇੱਕ ਛੱਤ ਥੱਲੇ ਸਹੂਲਤਾਂ ਦੇਣ ਦੇ ਨਾਮ ’ਤੇ ਸਥਾਪਤ ਸੇਵਾ ਕੇਂਦਰ ਸਿਰਫ਼ ਕੁਲੈਕਸ਼ਨ ਸੈਂਟਰ ਬਣ ਕੇ ਰਹਿ ਗਏ ਹਨ। ਮੋਟੀ ਸੇਵਾ ਫ਼ੀਸ ਭਰ ਕੇ ਵੀ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ। ਮਾਲ ਵਿਭਾਗ ਦੀਆਂ ਆਪਣੀਆਂ ਗਲਤੀਆਂ ਦਾ ਵੀ ਲੋਕ ਖ਼ਮਿਆਜ਼ਾ ਭੁਗਤ ਰਹੇ ਹਨ।
ਪਿੰਡ ਬੁੱਕਣਵਾਲਾ ਦੇ ਕਿਸਾਨ ਚਮਕੌਰ ਸਿੰਘ ਨੇ ਸਥਾਨਕ ਸੇਵਾ ਕੇਂਦਰ ਉੱਤੇ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਲਈ 6 ਫ਼ਰਵਰੀ 2018 ਨੂੰ ਸਰਕਾਰੀ ਤੇ ਸੇਵਾ ਫ਼ੀਸ ਭਰ ਕੇ ਅਰਜ਼ੀ ਜਮ੍ਹਾਂ ਕਰਵਾਈ ਸੀ ਪਰ 3 ਸਾਲ ਤੋਂ ਵੱਧ ਸਮਾਂ ਬੀਤ ਗਿਆ ਉਸ ਦਾ ਹਾਲੇ ਤੱਕ ਲਾਇਸੈਂਸ ਰੀਨਿਊ ਨਹੀਂ ਹੋ ਸਕਿਆ। ਉਸ ਨੂੰ 13 ਮਾਰਚ 2018 ਦੀ ਡਲਿਵਰੀ ਤਰੀਕ ਦਿੱਤੀ ਗਈ ਸੀ। ਉਹ ਸੇਵਾ ਕੇਂਦਰ ਦੀ ਗਲਤੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਉਸ ਵੱਲੋਂ ਭਰੀ ਫ਼ੀਸ ਦੀ ਅਰਜ਼ੀ ਉੱਤੇ ਆਨਲਾਈਨ ਦਸਤਾਵੇਜ਼ ਜਮ੍ਹਾਂ ਕਰਨ ਸਮੇਂ ਪੀੜਤ ਚਮਕੌਰ ਸਿੰਘ ਦੇ ਨਾਮ ਦੀ ਥਾਂ ਕਿਸੇ ਹੋਰ ਵਿਅਕਤੀ ਗੁਰਵਿੰਦਰ ਸਿੰਘ ਦਾ ਨਾਮ ਭਰ ਦਿੱਤਾ ਗਿਆ। ਉਹ ਗੇੜੇ ਮਾਰ ਕੇ ਥੱਕ ਚੁੱਕਾ ਹੈ ਪਰ ਉਸ ਦੀ ਸੁਣਵਾਈ ਨਹੀਂ ਹੋ ਰਹੀ। ਸੇਵਾ ਕੇਂਦਰ ਵਾਲੇ ਮੁਲਾਜ਼ਮ ਉਸ ਨੂੰ ਦੁਬਾਰਾ ਲੇਟ ਫ਼ੀਸ ਭਰ ਕੇ ਨਵੇਂ ਦਸਤਾਵੇਜ਼ ਭਰਨ ਲਈ ਆਖ ਰਹੇ ਹਨ। ਸਿਰਫ਼ ਉਹ ਹੀ ਨਹੀਂ ਸਗੋਂ ਸੈਂਕੜੇ ਲੋਕ ਰੋਜ਼ਾਨਾ ਖੱਜਲ ਖ਼ੁਆਰ ਹੋ ਕੇ ਘਰਾਂ ਨੂੰ ਪਰਤਦੇ ਹਨ। ਸੇਵਾ ਕੇਂਦਰਾਂ ਦੀ ਇਹ ਸੁਵਿਧਾ ਲੈਣ ਲਈ ਸੇਵਾ ਫ਼ੀਸ 2 ਹਜ਼ਾਰ ਹੈ। ਬੀਐਲਐਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਉਹ ਪੜਤਾਲ ਕਵਾਉਣਗੇ।
ਇਸ ਤਰ੍ਹਾਂ ਚੰਡੀਗੜ੍ਹ ਵਾਸੀ ਮਹੇਸ਼ ਕੁਮਾਰ ਤੇ ਇੱਕ ਹੋਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਰੀਬ ਦਹਾਕਾ ਪਹਿਲਾਂ ਇੱਥੇ ਪ੍ਰਮਾਣਿਤ ਕਲੋਨੀ ਵਿੱਚ ਪਲਾਟ ਖਰੀਦ ਕੀਤਾ ਸੀ। ਉਸ ਨੇ ਮਾਲ ਰਿਕਾਰਡ ਵਿੱਚੋਂ ਫ਼ਰਦ ਲਈ ਤਾਂ ਉਸ ਦਾ ਕੁਝ ਰਕਬਾ ਹੀ ਗਾਇਬ ਹੋ ਗਿਆ, ਜਦੋਂ ਕਿ ਰਿਕਾਰਡ ਵਿੱਚ ਜਦੋਂ ਕਿ ਪਿਛਲੇ ਸਾਲਾਂ ਦਾ ਰਿਕਾਰਡ ਦਰੁਸਤ ਦਰਜ ਹੈ। ਇਸ ਤਰ੍ਹਾਂ ਇਕਬਾਲ ਸਿੰਘ ਪਿੰਡ ਨਿਧਾਂਵਾਲਾ ਨੇ ਕਿਹਾ ਕਿ ਉਹ ਜ਼ਮੀਨੀ ਰਿਕਾਰਡ ਵਿੱਚ ਦਾਦੇ ਦਾ ਨਾਮ ਹੀ ਬਦਲ ਦੇਣ ਨਾਲ ਦਰੁਸਤੀ ਲਈ ਖ਼ੁਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੀਆਂ ਆਪਣੀਆਂ ਗਲਤੀਆਂ ਨੂੰ ਠੀਕ ਕਰਵਾਉਣ ਲਈ ਚੱਕਰ ਕੱਟ ਕੇ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਸਬੰਧੀ ਮਾਲ ਅਧਿਕਾਰੀ ਨੇ ਸੰਪਰਕ ਕਰਨ ਉੱਤੇ ਕਿਹਾ ਕਿ ਅਕਸਰ ਚਾਰ ਸਾਲਾ ਜਮ੍ਹਾਂਬੰਦੀ ਬਣਨ ਸਮੇਂ ਅਜਿਹੀ ਗਲਤੀ ਸੁਭਾਵਿਕ ਹੈ।