ਪੱਤਰ ਪ੍ਰੇਰਕ
ਅਜੀਤਵਾਲ, 17 ਅਪਰੈਲ
ਜ਼ਿਲ੍ਹਾ ਮੋਗਾ ਨਾਲ ਸਬੰਧਤ ਭਾਰਤੀ ਜਨਰਲ ਰਿਜ਼ਰਵ ਇੰਜਨੀਅਰਿੰਗ ਫੋਰਸ ਦੇ ਸਾਰਜੈਂਟ ਸੁਖਦਰਸ਼ਨ ਸਿੰਘ ਦਾ ਬੀਤੇ ਦਿਨੀਂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਝੰਡੇਆਣਾ ਨੇੜੇ ਅਜੀਤਵਾਲ ਵਿੱਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰ ਵਰਿੰਦਰ ਸਿੰਘ ਤੇ ਮਨਜਿੰਦਰ ਸਿੰਘ ਵੱਲੋਂ ਚਿਤਾ ਨੂੰ ਅਗਨੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਸ਼ੋਕ ਸਲਾਮੀ ਦਿੱਤੀ ਗਈ।
ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਪ੍ਰਵੀਨ ਸਿੰਗਲਾ ਨੇ ਦੇਹ ’ਤੇ ਫੁੱਲ ਮਾਲਾਵਾਂ ਪਾਈਆਂ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਥਾਣਾ ਮੁਖੀ ਅਮਨਦੀਪ ਕੰਬੋਜ, ਸਰਪੰਚ ਇਕਬਾਲ ਸਿੰਘ ਝੰਡੇਆਣਾ ਤੇ ਪਟਵਾਰੀ ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਾਰਜੈਂਟ ਸੁਖਦਰਸ਼ਨ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ।