ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ,14 ਅਕਤੂਬਰ
ਨਿਹਾਲ ਸਿੰਘ ਵਾਲਾ ਦੇ ਗਰੀਨ ਵੈੱਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਊਣ ਲਈ ਇਕ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਆਦਿ ਨੇ ਵੀ ਸ਼ਮੂਲੀਅਤ ਕੀਤੀ। ਟਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ ਦੇ ਇੰਚਾਰਜ ਕੇਵਲ ਸਿੰਘ ਨੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਵਿਸਥਾਰ ਨਾਲ ਉਦਾਹਰਨਾਂ ਦੇ ਕੇ ਦੱਸਿਆ ਕਿ ਛੋਟੀ ਉਮਰੇ , ਜਲਦਬਾਜ਼ੀ ਵਿੱਚ ਤੇ ਬਿਨਾ ਸਿੱਖੇ ਵਾਹਨ ਚਲਾਉਣਾ ਜੀਵਨ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਉਨ੍ਹਾਂ ਯੋਗ ਉਮਰ ਦੇ ਵਿਦਿਆਰਥੀਆਂ ਨੂੰ ਲਾਇਸੈਂਸ ਬਣਾ ਕੇ ਹੀ ਵਾਹਨ ਚਲਾਉਣ ਲਈ ਆਖਿਆ। ਬੁਲਾਰੇ ਕੇਵਲ ਸਿੰਘ ਨੇ ਕਿਸੇ ਵੀ ਸੰਕਟ ਸਮੇਂ 112 ਨੰਬਰ ਡਾਇਲ ਕਰਨ ਲਈ ਆਖਿਆ। ਉਨ੍ਹਾਂ ਵਧ ਰਹੀਆਂ ਸਾਇਬਰ ਠੱਗੀਆਂ ਬਾਰੇ ਸੁਚੇਤ ਕਰਦਿਆਂ ਅਤੇ ਲੋੜ ਵੇਲੇ 1930 ਨੰਬਰ ਵਰਤਣ ਲਈ ਸਲਾਹ ਦਿੱਤੀ। ਹੌਲਦਾਰ ਸੁਖਜਿੰਦਰ ਸਿੰਘ ਨੇ ਡਰਾਈਵਰਾਂ ਨੂੰ ਮੁਖ਼ਾਤਬ ਹੁੰਦਿਆਂ ਮੁੱਢਲੀ ਸਹਾਇਤਾ ਬਾਰੇ ਦੱਸਦਿਆਂ ਗੱਡੀਆਂ ਦੇ ਕਾਗਜ਼ ਪੂਰੇ ਰੱਖਣ, ਸਪੀਡ ਲਿਮਟ ਅਤੇ ਆਵਾਜਾਈ ਦੇ ਨਿਯਮਾਂ ਬਾਰੇ ਵੀ ਦੱਸਿਆ। ਸਕੂਲ ਦੇ ਚੇਅਰਮੈਨ ਜਤਿੰਦਰ ਗਰਗ ਨੇ ਟਰੈਫ਼ਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ।