ਖੇਤਰੀ ਪ੍ਰਤੀਨਿਧ
ਬਰਨਾਲਾ, 24 ਜੁਲਾਈ
ਇੱਥੇ ਤਰਕਸ਼ੀਲ ਭਵਨ ਵਿਖੇ ਸੀਪੀਆਈ (ਐੱਮਐੱਲ) ਰੈੱਡ ਸਟਾਰ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਅਜੋਕੇ ਦੌਰ ਵਿੱਚ ‘ਮਜ਼ਦੂਰ ਜਮਾਤ ਦੀ ਦਸ਼ਾ ਤੇ ਦਿਸ਼ਾ’ ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸ਼ਹੀਦ ਬਾਬਾ ਬੂਝਾ ਸਿੰਘ ਸਮੇਤ ਨਕਸਲੀ ਲਹਿਰ ਦੇ ਸਮੁੱਚੇ ਸ਼ਹੀਦਾਂ ਨਮਿੱਤ ਦੋ ਮਿੰਟ ਦਾ ਮੋਨ ਧਾਰ ਕੇ ਸਿਜਦਾ ਕਰਨ ਉਪਰੰਤ ਸ਼ੁਰੂ ਹੋਏ ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਕਨਵੀਨਰ ਡਾ. ਸੁਖਦੇਵ ਸਿੰਘ ਹੁੰਦਲ ਨੇ ਕਿਹਾ ਕਿ ਦੇਸ਼ ਵਿੱਚ ਨਾ-ਬਰਾਬਰੀ ਦੀ ਸਿਖ਼ਰ ਹੋ ਚੁੱਕੀ ਹੈ। 10 ਫ਼ੀਸਦ ਅਮੀਰ ਘਰਾਣੇ ਦੇਸ਼ ਦੀ ਕਰੀਬ 74 ਫ਼ੀਸਦ ਸੰਪਤੀ ਉੱਪਰ ਕਾਬਜ਼ ਹਨ। ਬਾਕੀ ਨੂੰ ਵੀ ਹੜੱਪਣ ਦੇ ਮਨਸੂਬੇ ਪਾਲ ਰਹੇ ਹਨ। ਰੈੱਡਸਟਾਰ ਦੇ ਪੋਲਿਟ ਬਿਊਰੋ ਮੈਂਬਰ ਕਾ.ਤੁਹੀਨ ਦੇਵ ਨੇ ਕਿਹਾ ਕਿ ਦੇਸ਼ ਦੇ ਕਾਰਪੋਰੇਟਸ ਸੰਘੀ ਫਾਸਿਸਟ ਹਾਕਮਾਂ,ਤਾਕਤਾਂ ਨੂੰ ਉਖੇੜਨਾ ਸਮੇਂ ਦੀ ਅਣਸਰਦੀ ਲੋੜ ਹੈ। ਅਖ਼ੀਰਲੇ ਸ਼ੈਸ਼ਨ ਵਿੱਚ ਸੀਪੀਆਈ (ਐੱਮਐੱਲ)ਰੈੱਡ ਸਟਾਰ ਦੀ ਨਵੀਂ ਸੂਬਾ ਕਮੇਟੀ ਦੀ ਚੋਣ ਹੋਈ। ਨਵੀਂ ਚੁਣੀ ਸੱਤ ਮੈਂਬਰੀ ਕਮੇਟੀ ਵਿੱਚ ਸ਼ਿਵਚਰਨ ਦਾਸ ਸੂਚਨ, ਲਾਭ ਸਿੰਘ ਅਕਲੀਆ, ਕਰਮਜੀਤ ਸਿੰਘ ਪੀਰਕੋਟ, ਅੰਤਰਜਾਮੀ ਸਿੰਘ, ਜਾਗਰ ਸਿੰਘ ਮਾਖਾ, ਜਸਵਿੰਦਰ ਕੌਰ ਤੇ ਸੁਖਵਿੰਦਰ ਸਿੰਘ ਲਏ ਗਏ। ਸੂਬਾ ਸਕੱਤਰ ਲਾਭ ਸਿੰਘ ਅਕਲੀਆ ਬਣੇ।