ਪੱਤਰ ਪ੍ਰੇਰਕ
ਮਾਨਸਾ, 6 ਅਗਸਤ
ਮਾਨਸਾ ਸ਼ਹਿਰ ਦਾ ਜੰਮਪਲ ਜੋਸਨੂਰ ਢੀਂਡਸਾ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਵਿੱਚ ਚੁਣਿਆ ਗਿਆ ਹੈ ਅਤੇ ਉਹ 7 ਅਗਸਤ ਤੋਂ 14 ਅਗਸਤ ਤੱਕ ਹੋਣ ਵਾਲੇ ਏਸ਼ੀਆਂ ਕੱਪ ਵਿੱਚ ਭਾਰਤ ਵੱਲੋਂ ਖੇਡਣ ਲਈ ਥਾਈਲੈਂਡ ਰਵਾਨਾ ਹੋ ਗਿਆ ਹੈ। ਇਹ ਉਪਲਬਧੀ ਸਿਰਫ਼ ਜ਼ਿਲ੍ਹੇ ਲਈ ਹੀ ਨਹੀਂ, ਸਗੋਂ ਸਾਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਕੌਮੀ ਟੀਮ ਵਿੱਚ ਉਹ ਪੰਜਾਬ ਦਾ ਇਕਲੌਤਾ ਖਿਡਾਰੀ ਹੈ।
ਜ਼ਿਕਰਯੋਗ ਹੈ ਕਿ ਇਹ ਖਿਡਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਉਡੀਸਾ ਦੀ ਰਾਜਧਾਨੀ ਭੁਬਨੇਸ਼ਵਰ ਵਿੱਚ ਜੂਨੀਅਰ ਏਸ਼ੀਆ ਕੱਪ ਲਈ ਚੱਲ ਰਹੇ ਭਾਰਤੀ ਟੀਮ ਦੇ ਕੈਂਪ ਵਿੱਚ ਸਿਖਲਾਈ ਲੈ ਰਿਹਾ ਸੀ, ਪਰ ਸੀਨੀਅਰ ਟੀਮ ਦੇ ਕੋਚ ਜੀ.ਈ. ਸ੍ਰੀਧਰਨ (ਅਰਜੁਨਾ ਤੇ ਦਰੌਣਚਾਰਿਆ ਐਵਾਰਡੀ) ਨੇ ਉਸ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਜੋਸਨੂਰ ਨੂੰ ਕੌਮੀ ਸੀਨੀਅਰ ਵਾਲੀਬਾਲ ਟੀਮ ਲਈ ਚੁਣ ਲਿਆ। ਪੋਲੋ ਗਰਾਊਂਡ ਪਟਿਆਲਾ ਦੇ ਵਾਲੀਬਾਲ ਕੋਚ ਚਮਨ ਸਿੰਘ ਰਾਓ ਦੇ ਇਸ ਸ਼ਗਿਰਦ ਦੇ ਇਸ ਮੁਕਾਮ ’ਤੇ ਪਹੁੰਚਣ ਲਈ ਮਾਨਸਾ ਦੇ ਲੋਕਾਂ ਵੱਲੋਂ ਉਸ ਦੇ ਘਰ ਪੁੰਹਚ ਕੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।