ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 2 ਨਵੰਬਰ
ਇਥੇ ਬਹੁਜਨ ਸਮਾਜ ਪਾਰਟੀ ਨੇ ਦਲਿਤ ਵਿਦਿਆਰਥੀਆਂ ਦਾ ਵਜ਼ੀਫ਼ਾ ਹੜੱਪਣ ਵਾਲੇ ਪੰਜਾਬ ਦੇ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਇੱਥੇ ਫ਼ਰੀਦਕੋਟ, ਮੋਗਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਆਗੂਆਂ ਤੇ ਵਰਕਰਾਂ ਦਾ ਵਿਸ਼ਾਲ ਇਕੱਠ ਕੀਤਾ। ਇਸ ਧਰਨੇ ਨੂੰ ਬਸਪਾ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਗੜੀ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵਜ਼ੀਫ਼ਾ ਘੁਟਾਲੇ ਵਿੱਚ ਆਪਣੇ ਮੰਤਰੀ ਨੂੰ ਬਚਾ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਵਜ਼ਾਫਾ ਘੁਟਾਲੇ ਵਿੱਚ ਇਕੱਲੇ ਮੰਤਰੀ ਦਾ ਹੱਥ ਨਹੀਂ ਬਲਕਿ ਸਮੁੱਚੀ ਪੰਜਾਬ ਸਰਕਾਰ ਸ਼ੱਕ ਦੇ ਘੇਰੇ ਵਿੱਚ ਹੈ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਵੀਰੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਲਿਤਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣਾ ਚਾਹੁੰਦੀ ਹੈ ਅਤੇ ਇਸੇ ਮਕਸਦ ਨਾਲ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਹੜੱਪੇ ਗਏ ਹਨ। ਵੀਰੇਵਾਲਾ ਨੇ ਕਿਹਾ ਕਿ ਜੇਕਰ ਵਜ਼ਾਫਿਆਂ ਵਿੱਚ ਘਪਲਾ ਕਰਨ ਵਾਲੇ ਮੰਤਰੀ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਬਸਪਾ ਪੰਜਾਬ ਵਿੱਚੋਂ ਕਾਂਗਰਸ ਨੂੰ ਬਰਖ਼ਾਸਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਬਸਪਾ ਆਗੂ ਸੰਤ ਰਾਮ ਮੱਲੀਆਂ ਅਤੇ ਗੁਰਬਖਸ਼ ਸਿੰਘ ਚੌਹਾਨ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਖਿਲਾਫ਼ ਕਾਲੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਦਲਿਤਾਂ ਨੂੰ ਭੁੱਖਮਰੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਇਹਨਾਂ ਬਿੱਲਾਂ ਦਾ ਵੀ ਕੌਮੀ ਪੱਧਰ ‘ਤੇ ਵਿਰੋਧ ਕਰੇਗੀ। ਅਵਤਾਰ ਸਿੰਘ ਬਵੇਰਵਾਲ, ਰਣਧੀਰ ਸਿੰਘ ਵਹਿਣੀਵਾਲ, ਹਰਭਗਵਾਨ ਸਿੰਘ ਅਤੇ ਲਾਲ ਸੁਰਿਹਾਣੀ ਆਦਿ ਨੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰ ਰਹੀ ਹੈ।