ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 23 ਜੁਲਾਈ
ਕਸਬੇ ਸ਼ਹਿਣਾ ਦੀ ਪੱਤੀ ਮੌੜ ਢੁੰਡਾ ਵਿੱਚ ਇੱਕ ਘਰ ਦੀ ਛੱਤ ’ਤੇ ਲਗਾਏ ਗਏ ਬੂਸਟਰ ਟਾਵਰ ਦੇ ਵਿਰੋਧ ਵਿੱਚ ਅੱਜ ਲਗਾਤਾਰ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਉਧਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਟਾਵਰ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਦਿਨ ਰਾਤ ਲਗਾਤਾਰ ਜਾਰੀ ਰਿਹਾ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਰਵਿੰਦਰ ਸਿੰਘ ਨਾਮਧਾਰੀ, ਜਤਿੰਦਰ ਸਿੰਘ ਖਹਿਰਾ, ਭਾਕਿਯੂ (ਉਗਰਾਹਾਂ) ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਭਾਕਿਯੂ ਲੱਖੋਵਾਲ ਦੇ ਬੂਟਾ ਸਿੰਘ ਰਹਿਲ, ਭਾਕਿਯੂ ਚੜੂਨੀ ਦੇ ਬੱਬੂ ਸਿੰਘ ਪੰਧੇਰ ਤੋਂ ਇਲਾਵਾ ਤੇਜਾ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਧਾਲੀਵਾਲ, ਕਾਲਾ ਸਿੰਘ ਉੱਪਲ, ਭੋਲਾ ਸਿੰਘ, ਬੰਟੀ ਸਿੰਘ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਟਾਵਰ ਦੀ ਰੈਡੀਏਸ਼ਨ ਮਨੁੱਖੀ ਸਰੀਰ ਲਈ ਘਾਤਕ ਹੈ ਅਤੇ ਕਿਸੇ ਵੀ ਹਾਲਤ ਵਿੱਚ ਟਾਵਰ ਨਹੀ ਚੱਲਣ ਦੇਣਗੇ। ਇਸ ਸਬੰਧੀ 19 ਜੁਲਾਈ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ ਸੀ। ਥਾਣਾ ਸ਼ਹਿਣਾ ਦੇ ਐੱਸਐੱਚਓ ਅਜੈਬ ਸਿੰਘ ਨੇ ਸਖ਼ਤ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ। ਲੋਕਾਂ ਦੇ ਰੋਹ ਨੂੰ ਦੇਖਦਿਆ ਕੰਪਨੀ ਦੇ ਅਧਿਕਾਰੀਆਂ ਅਤੇ ਨਾਇਬ ਤਹਿਸੀਲਦਾਰ ਹਮੀਸ ਕੁਮਾਰ ਨੇ ਆ ਕੇ ਟਾਵਰ ਨੂੰ ਹਟਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ।
ਕਿਸਾਨ ਯੂਨੀਅਨ ਦੇ ਧਰਨੇ ਤੋਂ ਦੁਖੀ ਬੱਸਾਂ ਵਾਲਿਆਂ ਵੱਲੋਂ ਮੁਜ਼ਾਹਰਾ
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੇ ਧਰਨੇ ਤੋਂ ਦੁਖੀ ਬੱਸਾਂ ਵਾਲਿਆਂ ਨੇ ਕਸਬੇ ਸ਼ਹਿਣਾ ਦੇ ਨਹਿਰ ਵਾਲੇ ਬੱਸ ਅੱਡੇ ’ਤੇ ਧਰਨਾ ਲਾ ਦਿੱਤਾ। ਜਗਤਾਰ ਸਿੰਘ (ਦਸਮੇਸ਼ ਬੱਸ ਸਰਵਿਸ), ਪ੍ਰੀਤਮ ਸਿੰਘ (ਹਿੰਦ ਬੱਸ ਸਰਵਿਸ), ਦਰਸ਼ਨ ਸਿੰਘ (ਭਦੌੜ ਬੱਸ ਸਰਵਿਸ), ਜਗਤਾਰ ਸਿੰਘ, ਨਛੱਤਰ ਸਿੰਘ, ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਟੈਕਸ ਭਰਦੇ ਹਨ, ਉਪਰੋ ਧਰਨਿਆਂ ਕਾਰਨ ਅਸੀ ਪ੍ਰੇਸ਼ਾਨ ਹੁੰਦੇ ਹਾਂ। ਧਰਨਿਆਂ ਕਾਰਨ ਬੱਸਾਂ ਦਾ ਰੂਟ ਬਦਲਣ ਕਾਰਨ ਸਵਾਰੀ ਨਹੀਂ ਮਿਲਦੀ। ਬੱਸ ਚਾਲਕਾਂ ਨੇ ਦੱਸਿਆ ਕਿ ਕਸਬੇ ਸ਼ਹਿਣਾ ਦੀਆਂ ਗਲੀਆਂ ਤੰਗ ਹਨ ਅਤੇ ਮੀਂਹ ਦਾ ਪਾਣੀ ਖੜ੍ਹਾ ਹੈ ਅਤੇ ਹਰ ਸਮੇਂ ਹਾਦਸੇ ਦਾ ਖਤਰਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਜਾਮ ਖੋਲ੍ਹਣ ਦੀ ਮੰਗ ਕੀਤੀ। ਬੱਸ ਡਰਾਈਵਰਾਂ ਨੇ ਕਿਹਾ ਕਿ ਧਰਨਾ ਲਾਉਣਾ ਹੈ ਤਾਂ ਡੀਸੀ ਦਫ਼ਤਰ ਅੱਗੇ ਲਾਓ, ਰੋਡ ਬੰਦ ਨਾ ਕਰੋ।
ਧਰਨੇ ਵਿੱਚ ਰਾਤ ਸਮੇਂ ਮੋਟਰ ਸਾਈਕਲ ਚੋਰੀ
ਸ਼ਹਿਣਾ (ਪੱਤਰ ਪ੍ਰੇਰਕ): ਇੱਥੇ ਟਾਵਰ ਦੇ ਵਿਰੋਧ ਵਿੱਚ ਲੱਗੇ ਧਰਨੇ ’ਤੇ ਬੈਠੇ ਆਗੂਆਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਆਗੂ ਜਤਿੰਦਰ ਸਿੰਘ ਖਹਿਰਾ ਦਾ ਮੋਟਰਸਾਈਕਲ ਚੋਰੀ ਹੋ ਗਿਆ। ਅਗਲੀ ਸਵੇਰੇ ਤੱਕ ਸਪਲੈਂਡਰ ਮੋਟਰ ਸਾਈਕਲ ਪੀਬੀ 19-6145 ਦਾ ਕੋਈ ਪਤਾ ਨਹੀ ਲੱਗਿਆ।