ਇਕਬਾਲ ਸਿੰਘ ਸ਼ਾਂਤ
ਲੰਬੀ, 30 ਜੂਨ
ਐਂਟੀ ਕਰੋਨਾ ਬਾਰਡਰ ਚੈੱਕ ਪੋਸਟ ਦੇ ਵਿਸਥਾਰ ਨੂੰ ਅਮਲੀਜਾਮਾ ਪਹਿਨਾਉਣ ਲਈ ਮਲੋਟ ਦੇ ਐੱਸਡੀਐਮ ਗੋਪਾਲ ਸਿੰਘ ਨੇ ਅੱਜ ਮੰਡੀ ਕਿੱਲਿਆਂਵਾਲੀ ਵਿੱਚ ਦੌਰਾ ਕੀਤਾ ਅਤੇ ਬਾਰਡਰ ਚੈੱਕ ਪੋਸਟ ਸਬੰਧੀ ਜ਼ਮੀਨੀ ਪੱਧਰ ’ਤੇ ਹਾਲਾਤ ਦਾ ਜਾਇਜ਼ਾ ਲਿਆ। ਚੈੱਕ ਪੋਸਟ ਦੇ ਵਿਸਥਾਰ ਸੰਬਧੀ ਮਲੋਟ ਰੋਡ ’ਤੇ ਰਜਵਾਹੇ ਉੱਪਰ ਸਥਿਤ ਨਾਕੇ ਜਾਂ ਦਾਣਾ ਮੰਡੀ ਕਿੱਲਿਆਂਵਾਲੀ ‘ਚ ਸ਼ੈੱਡਾਂ ਹੇਠਾਂ ਕੰਪਿਊਟਰਾਂ ਅਤੇ ਹੋਰਨਾਂ ਸਾਜੋ-ਸਮਾਨ ਦੀ ਸਥਾਪਤੀ ਲਈ ਸਮੇਤ ਵਿਚਾਰ ਚੱਲ ਰਹੀ ਹੈ। ਐੱਸਡੀਐਮ ਨੇ ਕਿਹਾ ਕਿ ਬਾਰਡਰ ਚੈੱਕ ਪੋਸਟ ’ਤੇ ਚਾਰ ਪੜਾਵੀਂ ਪੜਤਾਲ ਵਿੱਚ ਸਿਹਤ ਜਾਂਚ, ਕੋਵਾ ਐਪ ਡਾਊਨਲੋਡ, ਟਰੈਵਲ ਹਿਸਟਰੀ ਜਾਂਚਣ ਦੇ ਇਲਾਵਾ ਰਿਹਾਇਸ਼ੀ ਅਤੇ ਸੰਪਰਕ ਵੇਰਵੇ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਗੈਰਾ ਤੋਂ ਪਰਤੇ ਲੋਕ ਖੇਤਰ ਵਿੱਚ ਲਾਗ ਦੀ ਬਿਮਾਰੀ ਪੁੱਜਣ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਡੱਬਵਾਲੀ ਤੋਂ ਕਿੱਲਿਆਂਵਾਲੀ ਵਿੱਚ ਦਿੱਲੀਓਂ ਆਏ ਮੁਸਾਫ਼ਰਾਂ ਨੂੰ ਥ੍ਰੀ ਵ੍ਹੀਲਰਾਂ ਵਾਲੇ ਪੰਜਾਬ ਬੱਸ ਅੱਡੇ ‘ਤੇ ਪਹੁੰਚਾ ਰਹੇ ਹਨ। ਇਨ੍ਹਾਂ ਥ੍ਰੀ-ਵ੍ਹੀਲਰਾਂ ਦੇ ਪੰਜਾਬ ‘ਚ ਦਾਖ਼ਲੇ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਇਸ ਮੌਕੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ, ਥਾਣਾ ਮੁਖੀ ਜਤਿੰਦਰ ਸਿੰਘ, ਚੌਕੀ ਹਰਜੋਤ ਸਿੰਘ, ਏਡੀਓ. ਸੁਖਚੈਨ ਸਿੰਘ ਵੀ ਮੌਜੂਦ ਸਨ।