ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਖੁੱਲ੍ਹੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ। ਮਾਲਵਾ ਖੇਤਰ ’ਚ ਦੇਰ ਰਾਤ ਤੋਂ ਰੁਕ-ਰੁਕ ਕੇ ਪੈ ਰਹੀ ਭਾਰੀ ਬਾਰਸ਼ ਨੇ ਵਿਦਿਆਰਥੀਆਂ ਨੂੰ ਘਰਾਂ ’ਚ ਰੋਕੀ ਰੱਖਿਆ। ਉਂਝ ਮਾਪਿਆਂ ਅਤੇ ਅਧਿਆਪਕਾਂ ਨੇ ਛੁੱਟੀਆਂ ਤੋਂ ਬਾਅਦ ਮੌਸਮ ਦੇ ਖੁਸ਼ਗਵਾਰ ਹੋਣ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਅਧਿਆਪਕਾਂ ਨੇ ਕਿਹਾ ਕਿ ਹਰ ਵਾਰ ਛੁੱਟੀਆਂ ਦੇ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ ਪਰ ਦੋ ਤਿੰਨ ਦਿਨਾਂ ’ਚ ਸਕੂਲਾਂ ਵਿੱਚ ਹਾਜ਼ਰੀ ਪੂਰੀ ਹੋ ਜਾਵੇਗੀ।
ਸਰਕਾਰੀ ਹਾਈ ਸਮਾਰਟ ਸਕੂਲ ਦੋਦੜਾ ਦੇ ਹੈਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਮੌਸਮ ਤੋਂ ਬਿਨਾਂ ਮਾਪਿਆਂ, ਵਿਦਿਆਰਥੀਆਂ ਦੇ ਝੋਨੇ ਦੇ ਰੁਝੇਂਵੇ ਕਾਰਨ ਵੀ ਸਕੂਲਾਂ ’ਚ ਹਾਜ਼ਰੀ ਘੱਟ ਰਹੀ ਹੈ ਪਰ ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਹੁਣ ਜਦੋਂ ਗਰਮੀਆਂ ਦੀਆਂ ਛੁੱਟੀਆਂ ਪੂਰੀਆਂ ਹੋ ਗਈਆਂ ਹਨ ਤਾਂ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਜ਼ਰੂਰ ਸਕੂਲਾਂ ਵਿੱਚ ਭੇਜਿਆ ਜਾਵੇ। ਬਲਜਿੰਦਰ ਜੋੜਕੀਆਂ ਨੇ ਕਿਹਾ ਕਿ ਜਲਦੀ ਸਕੂਲਾਂ ਚ ਵਿਦਿਆਰਥੀਆਂ ਦੀਆਂ ਰੌਣਕਾਂ ਪਰਤਗੀਆਂ।
ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਮਾਲਵਾ ਖੇਤਰ ’ਚ ਬੀਤੀ ਰਾਤ ਤੋਂ ਸਵੇਰ ਤੱਕ ਪੈ ਰਹੇ ਮੀਂਹ ਕਾਰਨ ਸ਼ਹਿਰੀ, ਪੇਂਡੂ ਖੇਤਰ ’ਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਪਰ ਇਕ-ਦੋ ਦਿਨਾਂ ’ਚ ਇਹ ਗਿਣਤੀ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਤੇ ਪਿੰਡਾਂ ’ਚ ਵਿਦਿਆਰਥੀਆਂ ਦੀ ਗਿਣਤੀ ਨੂੰ ਜਲਦੀ ਪੂਰੀ ਕਰਨ ਲਈ ਸਕੂਲ ਮੁਖੀਆਂ, ਅਧਿਆਪਕਾਂ ਵੱਲੋਂ ਗੁਰੂ ਘਰਾਂ ਵਿੱਚੋਂ ਅਪੀਲਾਂ ਕੀਤੀਆਂ ਗਈਆਂ ਹਨ।
ਇੱਕ-ਦੋ ਦਿਨਾਂ ਵਿੱਚ ਬਣੇਗਾ ਪੜ੍ਹਾਈ ਦਾ ਮਾਹੌਲ: ਡੀਈਓ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ/ਐਲੀਮੈਂਟਰੀ ਸੰਜੀਵ ਕੁਮਾਰ ਗੋਇਲ ਨੇ ਮੰਨਿਆ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਪਰ ਸਕੂਲ ਮੁਖੀਆਂ ਵੱਲ੍ਹੋਂ ਮਾਪਿਆਂ, ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ-ਦੋ ਦਿਨਾ ਵਿੱਚ ਜ਼ਿਲ੍ਹੇ ਭਰ ਦੇ ਸਕੂਲਾਂ ਵਿਚ ਪੜ੍ਹਾਈ ਦਾ ਮਾਹੌਲ ਬਣੇਗਾ।