ਪੱਤਰ ਪ੍ਰੇਰਕ
ਮਾਨਸਾ, 30 ਜੂਨ
ਗਰਮੀ ਦੀਆਂ ਛੁੱਟੀਆਂ ਮਗਰੋਂ ਭਲਕੇ ਪੰਜਾਬ ਭਰ ਦੇ ਸਰਕਾਰੀ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੁੱਲ੍ਹ ਰਹੇ ਹਨ, ਜਿਨ੍ਹਾਂ ਵਿੱਚ ਲੱਖਾਂ ਬੱਚਿਆਂ ਦੀ ਵਾਪਸ ਆਮਦ ਕਾਰਨ ਰੌਣਕ ਪਰਤਣ ਜਾ ਰਹੀ ਹੈ। ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿਚ ਆਪਣਾ ਪੜ੍ਹਾਈ ਕਾਰਜ ਦੁਆਰਾ ਸ਼ੁਰੂ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਛੁੱਟੀਆਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਹੋਈਆਂ ਬਦਲੀਆਂ ਕਾਰਨ ਕਈ ਸਕੂਲਾਂ ਵਿਚ ਨਵੇਂ ਅਧਿਆਪਕਾਂ ਨੇ ਵੀ ਪਹਿਲੇ ਦਿਨ ਹਾਜ਼ਰੀ ਦੇਣੀ ਹੈ।
ਭਲਕੇ ਖੁੱਲ੍ਹ ਰਹੇ ਸਰਕਾਰੀ/ਅਣਏਡਿਡ ਸਕੂਲਾਂ ਵਿੱਚ ਅੱਜ ਸਾਫ਼-ਸਫ਼ਾਈ ਦਾ ਜ਼ੋਰ ਰਿਹਾ, ਜਦੋਂਕਿ ਕੱਲ੍ਹ ਤੋਂ ਕਲਾਸਾਂ ਦੇ ਬਕਾਇਆ ਰਹਿੰਦੇ ਦਾਖ਼ਲਿਆਂ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਰਿਹਾ ਹੈ।
ਇਸੇ ਦੌਰਾਨ ਹੀ ਵਿਦਿਆਰਥੀਆਂ ਹਰਮੀਤ, ਸੰਦੀਪ ਅਤੇ ਸੁਰੇਸ਼ ਨੇ ਦੱਸਿਆ ਕਿ ਪਹਿਲੇ ਦਿਨ ਉਨ੍ਹਾਂ ਦਾ ਛੁੱਟੀਆਂ ਲਈ ਦਿੱਤਾ ਹੋਮਵਰਕ ਵੀ ਚੈੱਕ ਕੀਤਾ ਜਾਵੇਗਾ ਹੈ, ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ ਆਪਣਾ ਕੰਮ ਪੂਰੀ ਤਰ੍ਹਾਂ ਠੀਕ ਕੀਤਾ ਹੈ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਅਧਿਆਪਕਾਂ ਵੱਲੋਂ ਇਸ ਵਿੱਚ ਕੀ-ਕੀ ਗਲਤੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਭਾਵੇਂ ਛੁੱਟੀਆਂ ਦੌਰਾਨ ਉਨ੍ਹਾਂ ਨੇ ਖੂਬ ਆਨੰਦ ਮਾਣਿਆ ਹੈ, ਪਰ ਹੁਣ ਸਕੂਲ ਵਿੱਚ ਜੀਅ ਲਾ ਕੇ ਪੜ੍ਹਨ ਦੀ ਇੱਛਾ ਰੱਖਦੇ ਹਨ।
ਇਸੇ ਦੌਰਾਨ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਸਿੰਘ ਭਾਰਤੀ ਨੇ ਦੱਸਿਆ ਕਿ ਭਲਕੇ ਸਕੂਲਾਂ ਖੋਲ੍ਹਣ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਸਕੂਲ 8 ਵਜੇ ਤੋਂ 2 ਵਜੇ ਤੱਕ ਖੁੱਲ੍ਹਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਸਰਕਾਰੀ, ਪ੍ਰਾਈਵੇਟ, ਏਡਿਡ ਸਕੂਲ ਖੁੱਲ੍ਹ ਰਹੇ ਹਨ।
ਉਧਰ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਅਤੇ ਅਮਲੋਕ ਸਿੰਘ ਡੇਲੂਆਣਾ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਸਕੂਲਾਂ ਵਿੱਚ ਜਾਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਅੱਜ ਬਕਾਇਦਾ ਸਕੂਲਾਂ ਦੀ ਸਾਫ਼-ਸਫ਼ਾਈ ਤੇ ਹੋਰ ਪ੍ਰਬੰਧ ਪੂਰੇ ਕਰ ਲਏ ਗਏ ਹਨ।